World

ਮਜ਼ਦੂਰੀ ਕਰਨ ਵਾਲਾ ਇਹ ਸ਼ਖਸ ਕਰ ਰਿਹੈ ਰਾਸ਼ਟਰਪਤੀ ਅਹੁਦੇ ਦੀ ਚੋਣ ਲੜਨ ਦੀ ਤਿਆਰੀ

ਵਰਜੀਨੀਆ— ਕਹਿੰਦੇ ਨੇ ਮਿਹਨਤ ਇਨਸਾਨ ਨੂੰ ਉਸ ਦੀ ਮੰਜ਼ਲ ਤਕ ਪਹੁੰਚਾਉਣ ਦਾ ਇਕੋ-ਇਕ ਜ਼ਰੀਆ ਹੈ। ਕੁਝ ਵੱਖਰਾ ਕਰਨ ਦਾ ਸੁਪਨਾ ਹਰ ਇਨਸਾਨ ਨਹੀਂ ਦੇਖਦਾ ਪਰ ਇਸ ਸ਼ਖਸ ਨੇ ਜੋ ਆਪਣੇ ਲਈ ਰਾਹ ਚੁਣਿਆ ਭਾਵੇਂ ਹੀ ਉਹ ਔਖਾ ਹੈ ਪਰ ਉਸ ਦਾ ਹੌਂਸਲਾ ਮਜ਼ਬੂਤ ਹੈ। ਜੀ ਹਾਂ, ਅਮਰੀਕਾ ਦੇ ਵਰਜੀਨੀਆ ਸੂਬੇ ਵਿਚ ਰਹਿਣ ਵਾਲੇ ਬੋਲ ਗਾਈ ਦੇਂਗ ਦੱਖਣੀ ਸੂਡਾਨ ਵਿਚ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ਲੜਨ ਦੀ ਤਿਆਰ ਕਰ ਰਹੇ ਹਨ। ਬੋਲ ਗਾਈ ਦੱਖਣੀ ਸੂਡਾਨ ‘ਚ ਖਰਾਬ ਸੁਰੱਖਿਆ ਵਿਵਸਥਾ ਸੁਧਾਰਨ ਦੇ ਵਾਅਦੇ ਨਾਲ ਚੋਣ ਮੈਦਾਨ ‘ਚ ਹਨ।

ਬੋਲ ਗਾਈ ਮੂਲ ਰੂਪ ਤੋਂ ਦੱਖਣੀ ਸੂਡਾਨ ਦੇ ਹੀ ਵਾਸੀ ਹਨ ਅਤੇ ਕਈ ਸਾਲ ਪਹਿਲਾਂ ਸ਼ਰਨਾਰਥੀ ਦੇ ਤੌਰ ‘ਤੇ ਉਹ ਅਮਰੀਕਾ ਆਏ ਸਨ। ਬੋਲ ਗਾਈ ਭਾਵੇਂ ਹੀ ਰਾਸ਼ਟਰਪਤੀ ਅਹੁਦੇ ਲਈ ਚੋਣ ਲੜਨ ਦੀ ਤਿਆਰੀ ਕਰ ਰਹੇ ਹੋਣ ਪਰ ਉਹ ਅਜੇ ਵੀ ਇਕ ਆਮ ਸ਼ਖਸ ਵਾਂਗ ਆਪਣੀ ਨੌਕਰੀ ‘ਤੇ ਜਾਂਦੇ ਹਨ। ਦਿਨ ਦੇ ਸਮੇਂ ਉਹ ਚੋਣ ਪ੍ਰਚਾਰ ਕਰਦੇ ਹਨ ਅਤੇ ਰਾਤ ਦੇ ਸਮੇਂ ਇਕ ਸਟੋਰ ‘ਚ ਟਰੱਕ ‘ਚ ਮਾਲ ਭਰਨ ਦਾ ਕੰਮ ਕਰਦੇ ਹਨ। ਅਮਰੀਕਾ ਤੋਂ ਇਲਾਵਾ ਬੋਲ ਗਾਈ ਹਾਲ ਹੀ ‘ਚ ਯੂਗਾਂਡਾ, ਕੀਨੀਆ ਅਤੇ ਇਥੋਪੀਆ ਦਾ ਦੌਰਾ ਕਰ ਕੇ ਦੱਖਣੀ ਸੂਡਾਨ ਦੀਆਂ ਚੋਣਾਂ ਵਿਚ ਆਪਣੇ ਪੱਖ ‘ਚ ਹਵਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਬੋਲ ਗਾਈ ਨੇ ਵਰਜੀਨੀਆ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ ਹੈ ਪਰ ਅੰਗਰੇਜ਼ੀ ਦੀ ਕਮਾਂਡ ਚੰਗੀ ਨਾ ਹੋਣ ਕਾਰਨ ਉਨ੍ਹਾਂ ਨੂੰ ਅਜੇ ਤੱਕ ਚੰਗੀ ਨੌਕਰੀ ਨਹੀਂ ਮਿਲ ਸਕੀ। ਦੱਖਣੀ ਸੂਡਾਨ ਦੇ ਰਾਸ਼ਟਰਪਤੀ ਅਹੁਦੇ ਦੀ ਚੋਣ ਲੜਨ ‘ਤੇ ਬੋਲ ਗਾਈ ਦਾ ਕਹਿਣਾ ਹੈ ਕਿ ਅਫਰੀਕਾ ਨੂੰ ਸ਼ਾਸਕ ਨਹੀਂ ਸਗੋਂ ਕਿ ਲੀਡਰ ਚਾਹੀਦਾ ਹੈ। ਉਹ ਖੁਦ ਨੂੰ ਇਕ ਚੰਗਾ ਲੀਡਰ ਮੰਨਦੇ ਹਨ ਅਤੇ ਇਸ ਦੇ ਪਿੱਛੇ ਦਾ ਤਰਕ ਹੈ ਕਿ ਉਨ੍ਹਾਂ ਦੀ ਟ੍ਰੇਨਿੰਗ ਅਮਰੀਕਾ ਵਿਚ ਹੋਈ ਹੈ। ਅਮਰੀਕਾ ‘ਚ ਵੱਡੀ ਗਿਣਤੀ ਵਿਚ ਸੂਡਾਨ ਦੇ ਸ਼ਰਨਾਰਥੀ ਰਹਿੰਦੇ ਹਨ, ਜਿਨ੍ਹਾਂ ਵਿਚਾਲੇ ਬੋਲ ਗਾਈ ਕਾਫੀ ਪ੍ਰਸਿੱਧ ਹਨ।
ਦੱਖਣੀ ਸੂਡਾਨ ਦੀ ਕੁੱਲ ਜਨਸੰਖਿਆ 12 ਮਿਲੀਅਨ ਦੇ ਕਰੀਬ ਹੈ। ਇਨ੍ਹਾਂ ‘ਚੋਂ 2.5 ਮਿਲੀਅਨ ਨਾਗਰਿਕ ਗੁਆਂਢੀ ਦੇਸ਼ਾਂ ਵਿਚ ਵੱਖ-ਵੱਖ ਸ਼ਰਨਾਰਥੀ ਕੈਂਪਾਂ ਵਿਚ ਰਹਿੰਦੇ ਹਨ। ਬੋਲ ਗਾਈ ਦੇਸ਼ ਵਿਚ ਜਾਰੀ ਹਿੰਸਾ ਕਾਰਨ ਅਮਰੀਕਾ ਗਏ ਸਨ।