Menu

‘ਮਜ਼੍ਹਬ ਨਹੀਂ ਸਿਖਾਤਾ ਆਪਸ ਮੇਂ ਵੈਰ ਰਖਨਾ’: ਤਾਰਿਸ਼ੀ ਨੂੰ ਬਚਾਉਣ ਲਈ ਕੁਰਬਾਨ ਹੋਏ ਉਸ ਦੇ ਮੁਸਲਿਮ ਦੋਸਤ

ਢਾਕਾ— ਕੋਈ ਵੀ ਧਰਮ ਆਪਸ ਵਿਚ ਵੈਰ ਰੱਖਣਾ ਨਹੀਂ ਸਿਖਾਉਂਦਾ। ਇਸ ਦੀ ਉਦਾਹਰਣ ਉਸ ਸਮੇਂ ਦੇਖਣ ਨੂੰ ਮਿਲੀ ਜਦੋਂ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਹੋਲੀ ਆਰਟੀਜਨ ਰੈਸਤਰਾਂ ਵਿਚ ਹੋਏ ਅੱਤਵਾਦੀ ਹਮਲੇ ਦੌਰਾਨ ਭਾਰਤ ਦੀ ਤਾਰਿਸ਼ੀ ਜੈਨ ਨੂੰ ਬਚਾਉਣ ਲਈ ਉਸ ਦੇ ਦੋ ਮੁਸਲਿਮ ਦੋਸਤਾਂ ਨੇ ਆਪਣੀ ਜਾਨ ਕੁਰਬਾਨ ਕਰ ਦਿੱਤੀ। ਇਸ ਹਮਲੇ ਤੋਂ ਬਾਅਦ ਪੂਰੀ ਦੁਨੀਆ ਵਿਚ ਇਸਲਾਮ ਧਰਮ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ। ਮੁਸਲਮਾਨਾਂ ਨੂੰ ਸਮੁੱਚੇ ਤੌਰ ‘ਤੇ ਅੱਤਵਾਦ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਪਰ ਇਸ ਦੌਰਾਨ ਕੁਰਬਾਨੀ ਦੀ ਇਹ ਦਾਸਤਾਨ ਇਕ ਮਿਸਾਲ ਬਣ ਗਈ ਹੈ। ਤਾਰਿਸ਼ੀ ਦੇ ਦੋਹਾਂ ਦੋਸਤਾਂ ਨੇ ਸਾਬਤ ਕਰ ਦਿੱਤਾ ਕਿ ਇਕ ਸੱਚਾ ਮੁਸਲਮਾਨ ਅੱਜ ਵੀ ਕਿਸੇ ਦੀ ਜਾਨ ਲੈਣ ਨਾਲੋਂ ਆਪਣੀ ਜਾਨ ਕੁਰਬਾਨ ਕਰਨਾ ਜ਼ਿਆਦਾ ਬਿਹਤਰ ਸਮਝਦਾ ਹੈ।
ਢਾਕਾ ਦੇ ਰੈਸਤਰਾਂ ਵਿਚ ਇਸ ਦਹਿਸ਼ਤਗਰਦਾਂ ਨੇ ਖੂਨੀ ਖੇਡ ਖੇਡਿਆ ਅਤੇ 20 ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਸ ਦੌਰਾਨ ਉੱਥੇ ਭਾਰਤ ਦੀ 19 ਸਾਲਾ ਲੜਕੀ ਤਾਰਿਸ਼ੀ ਜੈਨ ਵੀ ਮੌਜੂਦ ਸੀ। ਜਦੋਂ ਮੌਤ ਉਸ ਵੱਲ ਵਧ ਰਹੀ ਸੀ ਤਾਂ ਉਸ ਦੇ ਆਖਰੀ ਪਲਾਂ ਵਿਚ ਉਸ ਦੇ ਸਾਥੀ ਉਸ ਦਾ ਸਾਥ ਛੱਡ ਕੇ ਨਹੀਂ ਗਏ। ਅੱਤਵਾਦੀ ਇਕ-ਇਕ ਵਿਅਕਤੀ ਕੋਲੋਂ ਕੁਰਾਨ ਦੀਆਂ ਆਇਤਾਂ ਸੁਣ ਰਹੇ ਸਨ ਅਤੇ ਜਿਸ ਨੂੰ ਇਹ ਨਹੀਂ ਆਉਂਦੀਆਂ ਸਨ, ਉਸ ਦਾ ਗਲਾ ਵੱਢ ਰਹੇ ਸਨ। ਤਾਰਿਸ਼ੀ ਦੇ ਦੋਸਤਾਂ ਫਰਾਜ਼ ਹੁਸੈਨ ਅਤੇ ਅਬਿਨਤਾ ਕਬੀਰ ਨੂੰ ਕੁਰਾਨ ਦੀਆਂ ਆਇਤਾਂ ਆਉਂਦੀਆਂ ਵੀ ਸਨ ਪਰ ਤਾਰਿਸ਼ੀ ਨੂੰ ਇਕੱਲੀ ਉਨ੍ਹਾਂ ਭੇੜੀਆਂ ਵਿਚ ਛੱਡ ਕੇ ਨਹੀਂ ਜਾਣਾ ਚਾਹੁੰਦੇ ਸਨ। ਉਹ ਚੁੱਪ ਰਹੇ ਅਤੇ ਤਾਰਿਸ਼ੀ ਦੇ ਨਾਲ ਕੁਰਬਾਨ ਹੋ ਗਏ।
ਅਬਿਨਤਾ ਬੰਗਲਾਦੇਸ਼ ਮੂਲ ਦੀ ਸੀ ਅਤੇ ਅਮਰੀਕਾ ਦੀ ਐਮਰੀ ਯੂਨੀਵਰਸਿਟੀ ਦੇ ਆਕਸਫੋਰਡ ਕਾਲਜ ਦੀ ਵਿਦਿਆਰਥਣ ਸੀ। ਫਰਾਜ਼ ਹੁਸੈਨ ਵੀ ਅਮਰੀਕਾ ਦੇ ਅਟਲਾਂਟਾ ਦੀ ਐਮਰੀ ਯੂਨੀਵਰਸਿਟੀ ਵਿਚ ਪੜ੍ਹਦਾ ਸੀ। ਤਾਰਿਸ਼ੀ ਦੇ ਪਿਤਾ 15-20 ਸਾਲਾਂ ਤੋਂ ਬੰਗਲਾਦੇਸ਼ ਵਿਚ ਗਾਰਮੈਂਟ ਦਾ ਕਾਰੋਬਾਰ ਕਰ ਰਹੇ ਹਨ। ਦੋਹਾਂ ਦੋਸਤਾਂ ਨਾਲ ਟਾਇਲਟ ‘ਚ ਛਿਪੀ ਤਾਰਿਸ਼ੀ ਨੇ ਆਪਣੇ ਪਿਤਾ ਨੂੰ ਫੋਨ ‘ਤੇ ਕਿਹਾ ਸੀ ਕਿ ਅੱਤਵਾਦੀ ਇਕ-ਇਕ ਕਰਕੇ ਸਭ ਨੂੰ ਮਾਰ ਰਹੇ ਹਨ। ਸਾਡਾ ਵੀ ਬਚਣਾ ਨਾਮੁਮਕਿਨ ਹੈ ਅਤੇ ਅਜਿਹਾ ਹੀ ਹੋਇਆ। ਅੱਤਵਾਦੀਆਂ ਨੇ ਕੁਰਾਨ ਦੀਆਂ ਆਇਤਾਂ ਨਾ ਆਉਣ ਕਾਰਨ ਤਾਰਿਸ਼ੀ ਅਤੇ ਉਸ ਦੇ ਦੋਸਤਾਂ ਨੂੰ ਤਸੀਹੇ ਦੇ ਦੇ ਕੇ ਮਾਰਿਆ ਪਰ ਤਾਰਿਸ਼ੀ ਦੇ ਦੋਸਤਾਂ ਦਾ ਜਿਗਰਾ ਨਾ ਡੋਲਿਆ। ਤਾਰਿਸ਼ੀ ਦਾ ਅੰਤਮ ਸੰਸਕਾਰ ਅੱਜ ਗੁੜਗਾਓਂ ਵਿਚ ਹੋਵੇਗਾ।