India News

ਮੰਦਹਾਲੀ ਝੱਲ ਰਹੇ ਰੀਅਲ ਐਸਟੇਟ ਦੀ ਮਦਦ ਲਈ ਦਿੱਤੇ ਜਾਣਗੇ 10,000 ਕਰੋੜ

ਨਵੀਂ ਦਿੱਲੀ
ਮੰਦਹਾਲੀ ਦਾ ਸਾਹਮਣਾ ਕਰ ਰਹੀ ਅਰਥ–ਵਿਵਸਥਾ ਨੂੰ ਰਫ਼ਤਾਰ ਦੇਣ ਲਈ ਲਗਾਤਾਰ ਕਈ ਪੱਧਰਾਂ ਉੱਤੇ ਜਤਨ ਜਾਰੀ ਹਨ। ਬੈਂਕਾਂ ਦੇ ਰਲੇਵੇਂ ਨੂੰ ਲੈ ਕੇ ਅਹਿਮ ਐਲਾਨ ਕਰਨ ਤੋਂ ਬਾਅਦ ਕੇਂਦਰੀ ਵਿੱਤ ਮੰਤਰੀ (FM) ਨਿਰਮਲਾ ਸੀਤਾਰਮਣ ਨੇ ਅੱਜ ਸਨਿੱਚਰਵਾਰ ਨੂੰ ਇੱਕ ਵਾਰ ਫਿਰ ਕੁਝ ਖ਼ਾਸ ਖੇਤਰਾਂ ਨੂੰ ਲੈ ਕੇ ਅਹਿਮ ਐਲਾਨ ਕੀਤੇ।
ਸ੍ਰੀਮਤੀ ਸੀਤਾਰਾਮਣ ਨੇ ਦੱਸਿਆ ਕਿ ਮੰਦਹਾਲੀ ਦੀ ਮਾਰ ਝੱਲ ਰਹੇ ਰੀਅਲ ਐਸਟੇਟ ਖੇਤਰ ਵਿੱਚ ਨਵੀਂ ਰੂਹ ਫੂਕਣ ਲਈ 10,000 ਕਰੋੜ ਰੁਪਏ ਦਾ ਫ਼ੰਡ ਜਾਰੀ ਕੀਤਾ ਜਾਵੇਗਾ।
ਵਿੱਤ ਮੰਤਰੀ ਨੇ ਕਿਹਾ ਕਿ ਬਜਟ ਵਿੱਚ ਸਭ ਦੇ ਵਿਸ਼ਵਾਸ ਦੀ ਗੱਲ ਆਖੀ ਗਈ ਸੀ। ਇਸ ਦਾ ਮਤਲਬ ਹੈ ਕਿ ਜੇ ਸਾਲ 2019 ਦੇ ਦਸੰਬਰ ਤੱਕ ਰਿਟਰਨ ਫ਼ਾਈਲ ਕੀਤੀ ਜਾਂਦੀ ਹੈ, ਤਾਂ ਜੁਰਮਾਨਾ ਅਦਾ ਕਰਨਾ ਹੀ ਹੋਵੇਗਾ। ਅਜਿਹਾ ਕਰਨ ਨਾਲ ਲੋਕ ਅਦਾਲਤ ਵਿੱਚ ਜਾਣ ਤੋਂ ਬਚਣਗੇ। ਦੇਰੀ ਉੱਤੇ ਨਿਸ਼ਚਤ ਰੂਪ ਵਿੱਚ ਜੁਰਮਾਨਾ ਅਦਾ ਕਰ ਕੇ ਰਿਟਰਨ ਫ਼ਾਈਲ ਕਰਨਗੇ। ਸ੍ਰੀਮਤੀ ਨਿਰਮਲਾ ਸੀਤਾਰਮਣ ਨੇ ਕਿਹਾ ਕਿ ਅਸੈੱਸਮੈਂਟ ਯੋਜਨਾ ਦੁਸਹਿਰਾ ਦੇ ਤਿਉਹਾਰ ਤੋਂ ਸ਼ੁਰੂ ਕੀਤੀ ਜਾਵੇਗਾ, ਜਿਸ ਦਾ ਐਲਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅਸੀਂ ਅੰਸ਼ਕ ਕ੍ਰੈਡਿਟ ਗਰੰਟੀ ਸਕੀਮ ਦਾ ਐਲਾਨ ਕੀਤਾ, ਜਿਸ ਨਾਲ ਬੈਂਕ ਆਪਣੀ ਸੰਪਤੀ ਨੂੰ ਵਧਾ ਸਕਣ। ਉਨ੍ਹਾਂ ਕਿਹਾ ਕਿ 19 ਸਤੰਬਰ ਨੂੰ ਉਹ ਸਾਰੇ ਬੈਂਕਾਂ ਦੇ ਮੁਖੀਆਂ ਨਾਲ ਮੁਲਾਕਾਤ ਕਰਨਗੇ ਤੇ ਉਨ੍ਹਾਂ ਦੀਆਂ ਜ਼ਰੂਰਤਾਂ ਬਾਰੇ ਚਰਚਾ ਕਰਨਗੇ।
ਪਿਛਲੇ ਇੱਕ ਮਹੀਨੇ ਅੰਦਰ ਇਹ ਵਿੱਤ ਮੰਤਰੀ ਦੀ ਤੀਜੀ ਪ੍ਰੈੱਸ ਕਾਨਫ਼ਰੰਸ ਹੈ। ਉਹ ਉਦਯੋਗਾਂ ਨੂੰ ਰਾਹਤ ਦੇਣ ਲਈ ਪਹਿਲਾਂ ਵੀ ਕਈ ਵੱਡੇ ਐਲਾਨ ਕਰ ਚੁੱਕੇ ਹਨ।