India News

ਯਮਨ ‘ਚ ‘ਮੇਕੁਨੁ ਚੱਕਰਵਾਤ’ ਦਾ ਕਹਿਰ, 38 ਭਾਰਤੀਆਂ ਨੂੰ ਬਚਾਇਆ ਗਿਆ ਸੁਰੱਖਿਅਤ

ਅਦਨ— ਜਲ-ਸੈਨਾ ਨੇ 38 ਭਾਰਤੀਆਂ ਨੂੰ ਯਮਨ ਵਿਚ ਸਕੋਟੀਆ ਟਾਪੂ ਤੋਂ ਸੁਰੱਖਿਅਤ ਬਾਹਰ ਕੱਢ ਲਿਆ ਹੈ। ਤੁਹਾਨੂੰ ਦੱਸ ਦੇਈਏ ਕਿ ਉਹ ਲੋਕ ਚੱਕਰਵਾਤੀ ਤੂਫਾਨ ਆਉਣ ਤੋਂ ਬਾਅਦ ਕਰੀਬ 10 ਦਿਨਾਂ ਤੋਂ ਉਥੇ ਫਸੇ ਹੋਏ ਸਨ। ਜਲ-ਸੈਨਾ ਦੇ ਬੁਲਾਰੇ ਕੈਪਟਨ ਡੀਕੇ ਸ਼ਰਮਾ ਨੇ ਦੱਸਿਆ ਕਿ ਜਲ-ਸੈਨਾ ਨੇ ਭਾਰਤੀਆਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ‘ਆਪਰੇਸ਼ਨ ਨਿਸਤਾਰ’ ਦੇ ਤਹਿਤ ਸ਼ਨੀਵਾਰ ਨੂੰ ਆਪਣੇ ਜਹਾਜ਼ ਆਈ.ਐਨ.ਐਸ ਸੁਨਿਅਨਾ ਨੂੰ ਅਦਨ ਦੀ ਖਾੜੀ ਤੋਂ ਸਕੋਟੀਆ ਟਾਪੂ ਲਈ ਰਵਾਨਾ ਕੀਤਾ ਸੀ। ਉਨ੍ਹਾਂ ਕਿਹਾ ਕਿ ਫਸੇ ਹੋਏ ਭਾਰਤੀਆਂ ਨੂੰ ਸਕੋਟੀਆ ਤੱਟ ਤੋਂ ਐਤਵਾਰ ਸਵੇਰੇ ਕੱਢਿਆ ਗਿਆ ਅਤੇ ਉਹ ਸਾਰੇ ਸੁਰੱਖਿਅਤ ਹਨ। ਜਹਾਜ਼ ਭਾਰਤੀਆਂ ਨੂੰ ਵਾਪਸ ਲਿਆ ਰਿਹਾ ਹੈ।
ਬੁਲਾਰੇ ਨੇ ਦੱਸਿਆ ਕਿ ਇਨ੍ਹਾਂ ਭਾਰਤੀਆਂ ਨੂੰ ਜਹਾਜ਼ ‘ਤੇ ਤੁਰੰਤ ਮੈਡੀਕਲ ਸੁਵਿਧਾ, ਭੋਜਨ, ਪਾਣੀ ਅਤੇ ਟੈਲੀਫੋਨ ਦੀ ਸੁਵਿਧਾ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਜਹਾਜ਼ ਪੋਰਬੰਦਰ ਵੱਲ ਵਧ ਰਿਹਾ ਹੈ। ਜ਼ਿਕਰਯੋਗ ਹੈ ਕਿ ਚੱਕਰਵਾਤੀ ਤੂਫਾਨ 24 ਮਈ ਨੂੰ ਸਕੋਟੀਆ ਵਿਚ ਆਇਆ ਸੀ ਅਤੇ ਇਸ ਨੇ ਤਬਾਹੀ ਮਚਾਈ ਹੋਈ ਹੈ। ਉਥੇ ਹੀ ਐਮ.ਐਸ.ਵੀ. ਸਫੀਨਾ ਅਲ ਖਿਜਰ ਕਿਸ਼ਤੀ ਲਾਪਤਾ ਦੱਸੀ ਜਾ ਰਹੀ ਹੈ, ਜਿਸ ‘ਤੇ 12 ਭਾਰਤੀ ਸਵਾਰ ਸਨ।