Menu

ਯਾਦਗਾਰੀ ਹੋ ਨਿੱਬੜਿਆ ਸਾਊਥਾਲ ਦਾ ਸਾਲਾਨਾ ਸਮਰ ਮੇਲਾ

ਸਾਊਥਾਲ (ਸਮਰਾ)— ਸ਼ਹੀਦ ਭਗਤ ਸਿੰਘ ਕਲੱਬ ਸਾਊਥਾਲ ਹੇਜ਼ ਵਿਖੇ ਐਤਵਾਰ ਨੂੰ ਕਰਵਾਇਆ ਗਿਆ ਸਾਲਾਨਾ ਸਮਰ ਮੇਲਾ ਪੰਜਾਬੀਆਂ ਦੇ ਦਿਲਾਂ ‘ਤੇ ਅਭੁੱਲ ਯਾਦਾਂ ਛੱਡ ਗਿਆ। ਇਸ ਮੇਲੇ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਪਰਿਵਾਰ ਸਮੇਤ ਪਹੁੰਚੇ ਸਰੋਤਿਆਂ ਨੇ ਪੰਜਾਬੀ ਗਾਇਕੀ ਦਾ ਖੂਬ ਆਨੰਦ ਮਾਣਿਆ। ਮੇਲੇ ਦੀ ਸ਼ੁਰੂਆਤ ਸਥਾਨਕ ਨਵੇਂ ਉੱਭਰੇ ਗਾਇਕਾਂ ਵੱਲੋਂ ਕੀਤੀ ਗਈ, ਜਿਸ ਵਿਚ ਸੋਨਾ ਵਾਲੀਆ, ਅਸ਼ੋਕ ਗਿੱਲ, ਰਾਜ ਸੇਖੋਂ ਅਤੇ ਕੁਲਦੀਪ ਪੁਰੇਵਾਲ ਮੁੱਖ ਤੌਰ ‘ਤੇ ਸਨ। ਇਸ ਮੇਲੇ ਵਿਚ ਸ਼ਾਮਲ ਹੋਣ ਲਈ ਖਾਸ ਤੌਰ ‘ਤੇ ਪੰਜਾਬ ਤੋਂ ਲੰਡਨ ਪਹੁੰਚੀ ਗਾਇਕਾ ਜਸਵਿੰਦਰ ਬਰਾੜ ਦੇ ਗੀਤਾਂ ਨੇ ਲੋਕਾਂ ਦਾ ਮਨ ਮੋਹ ਲਿਆ। ਜਸਵਿੰਦਰ ਬਰਾੜ ਦੇ ਗੀਤ ‘ਮਿਰਜ਼ਾ’, ‘ਜਿਊਂਦੇ ਰਹਿਣ’, ‘ਸਾਨੂੰ ਮਾਰ ਗਏ’ ਨੂੰ ਸਰੋਤਿਆਂ ਵਲੋਂ ਵਾਰ-ਵਾਰ ਸੁਣਿਆ ਗਿਆ। ਬਰਾੜ ਨੇ ਜਿੱਥੇ ਆਪਣੀ ਵਧੀਆ ਪੇਸ਼ਕਾਰੀ ਨਾਲ ਸਰੋਤਿਆਂ ਨੂੰ ਕੀਲ ਕੇ ਰੱਖ ਦਿੱਤਾ, ਉਥੇ ਹੀ ਉਸ ਦੇ ਸ਼ਰਾਰਤਾਂ ਭਰੇ ਲਤੀਫਿਆਂ ਨੂੰ ਵੀ ਪੰਜਾਬੀਆਂ ਨੇ ਖੂਬ ਪਸੰਦ ਕੀਤਾ। ਜਸਵਿੰਦਰ ਬਰਾੜ ਤੋਂ ਬਾਅਦ ਰਵਿੰਦਰ ਗਰੇਵਾਲ ਅਤੇ ਬਲਵੀਰ ਸੂਫੀ ਦੀ ਗਾਇਕੀ ਨੇ ਵੀ ਲੋਕਾਂ ਨੂੰ ਕਾਫੀ ਪ੍ਰਭਾਵਿਤ ਕੀਤਾ। ਗਰੇਵਾਲ ਦੇ ਗੀਤ ‘ਸ਼ਹੀਦ ਊਧਮ ਸਿੰਘ’ ਨੇ ਲੋਕਾਂ ਨੂੰ ਬੰਨ੍ਹ ਕੇ ਰੱਖ ਦਿੱਤਾ। ਇਸ ਦੌਰਾਨ ਖਿਡਾਰੀ ਵਿੱਕੀ ਦਿਓਲ ਨੇ ਇਕ ਮਿੰਟ ਵਿਚ ਅੰਗੂਠਿਆਂ ਦੇ ਭਾਰ ‘ਤੇ 70 ਬੈਠਕਾਂ ਮਾਰੀਆਂ, ਜਿਸ ਦੀ ਸਰੋਤਿਆਂ ਨੇ ਕਾਫੀ ਪ੍ਰਸ਼ੰਸਾ ਕੀਤੀ।
ਇਸ ਮੇਲੇ ਦੌਰਾਨ ਸ਼ਹੀਦ ਭਗਤ ਸਿੰਘ ਕਲੱਬ ਦੀ ਸਮੁੱਚੀ ਪ੍ਰਬੰਧਕੀ ਕਮੇਟੀ ਵਲੋਂ ਮੇਲੇ ਵਿਚ ਪਹੁੰਚੇ ਈਲਿੰਗ ਸਾਊਥਾਲ ਦੇ ਐੱਮ. ਪੀ. ਵਰਿੰਦਰ ਸ਼ਰਮਾ ਤੋਂ ਇਲਾਵਾ ਕਈ ਸਾਹਿਤਕ ਸ਼ਖਸੀਅਤਾਂ ਸਾਥੀ ਲੁਧਿਆਣਵੀ, ਮਹਿੰਦਰਪਾਲ ਧਾਰੀਵਾਲ, ਬਲਰਾਜ ਸਿੱਧੂ, ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ ਅਤੇ ਦਵਿੰਦਰ ਚੰਦਰ ਅਤੇ ਅਜ਼ੀਮ ਸ਼ੇਖਰ ਤੋਂ ਇਲਾਵਾ ਪੰਜਾਬ ਤੋਂ ਲੰਡਨ ਪਹੁੰਚੇ ‘ਜਗ ਬਾਣੀ’ ਦੇ ਪੱਤਰਕਾਰ ਰਮਨਦੀਪ ਸਿੰਘ ਸੋਢੀ ਅਤੇ ਪ੍ਰਸਿੱਧ ਕਾਮੇਡੀਅਨ ਜਗਤਾਰ ਜੱਗੀ ਨੂੰ ਵੀ ਪ੍ਰਬੰਧਕਾਂ ਵਲੋਂ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਪ੍ਰਬੰਧਕੀ ਕਮੇਟੀ ਦੇ ਮੁੱਖ ਮੈਂਬਰ ਗੁਰਪ੍ਰੀਤ ਢਿੱਲੋਂ, ਜਸਵੀਰ ਘੁੰਮਣ, ਸੋਨੂੰ ਬਾਜਵਾ, ਅਮਨ ਘੁੰਮਣ, ਰਾਜਵੀਰ ਸਿੰਘ, ਕੇਵਲ ਪੁਲਸੀਆ ਅਤੇ ਅਮਰੀਕ ਸਿੰਘ ਵਲੋਂ ਮੇਲੇ ਦੇ ਪ੍ਰਬੰਧ ਨੂੰ ਸੁਚੱਜੇ ਢੰਗ ਨਾਲ ਸੰਭਾਲਿਆ ਗਿਆ। ਇਸ ਮੌਕੇ ਬੀਬਾ ਰੂਪ ਦਵਿੰਦਰ ਅਤੇ ਰਾਜਵੀਰ ਸਿੰਘ ਵਲੋਂ ਮੰਚ ਸੰਚਾਲਨ ਕੀਤਾ ਗਿਆ। ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਦੇ ਮੈਂਬਰਾਂ ਨੇ ਮੇਲੇ ਦੀ ਸਮਾਪਤੀ ਮੌਕੇ ਜਿੱਥੇ ਸਮੁੱਚੀ ਪੰਜਾਬੀਅਤ ਦਾ ਧੰਨਵਾਦ ਕੀਤਾ, ਉਥੇ ਹੀ ਵਚਨ ਦਿੱਤਾ ਕਿ ਉਹ ਸ਼ਹੀਦ ਭਗਤ ਸਿੰਘ ਦੀ ਸੋਚ ਨੂੰ ਜ਼ਿੰਦਾ ਰੱਖਣ ਲਈ ਲਗਾਤਾਰ ਚੰਗੇ ਉਪਰਾਲੇ ਕਰਦੇ ਰਹਿਣਗੇ।