World

ਯੂਕੇ: ਇੱਕ ਔਰਤ ਨੂੰ ਕੋਰੋਨਾ ਵੈਕਸੀਨ ਲੈਣ ਤੋਂ ਬਾਅਦ ਹੋਏ ਧੱਫੜ ਅਤੇ ਛਾਲੇ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਵਿੱਚ ਕੋਰੋਨਾ ਵਾਇਰਸ ਟੀਕਾਕਰਨ ਮੁਹਿੰਮ ਜਾਰੀ ਹੈ। ਹਜਾਰਾਂ ਹੀ ਲੋਕ ਵਾਇਰਸ ਤੋਂ ਸੁਰੱਖਿਅਤ ਰਹਿਣ ਲਈ ਇਹ ਟੀਕਾ ਲਗਵਾ ਚੁੱਕੇ ਹਨ। ਸਿਹਤ ਮਾਹਰਾਂ ਅਨੁਸਾਰ ਇਹ ਟੀਕਾ ਪੂਰੀ ਤਰ੍ਹਾਂ ਸੁਰੱਖਿਅਤ ਹੈ ਪਰ ਕਈ ਲੋਕ ਇਸਦੇ ਉਲਟ ਪ੍ਰਭਾਵਾਂ ਦਾ ਵੀ ਸਾਹਮਣਾ ਕਰ ਰਹੇ ਹਨ। ਅਜਿਹੇ ਹੀ ਇੱਕ ਮਾਮਲੇ ਵਿੱਚ ਗਲਾਸਗੋ ਦੀ ਇੱਕ ਮਹਿਲਾ ਨੇ ਟੀਕੇ ਦੇ ਉਲਟ ਪ੍ਰਭਾਵਾਂ ਦਾ ਸਾਹਮਣਾ ਕੀਤਾ ਹੈ ਪਰ ਫਿਰ ਵੀ ਉਹ ਦੂਜਿਆਂ ਨੂੰ ਟੀਕਾ ਲਗਵਾਉਣ ਲਈ ਉਤਸ਼ਾਹਿਤ ਕਰ ਰਹੀ ਹੈ। ਗਲਾਸਗੋ ਨਿਵਾਸੀ ਸਾਰਾਹ ਬੇਕਮੈਨ ਨੂੰ ਮਾਰਚ ਵਿੱਚ ਆਕਸਫੋਰਡ/ਐਸਟਰਾਜ਼ੇਨੇਕਾ ਟੀਕਾ ਲਗਾਇਆ ਗਿਆ ਸੀ। ਉਸਨੂੰ ਕਿਹਾ ਗਿਆ ਸੀ ਕਿ ਕੁਝ ਸਧਾਰਣ ਮਾੜੇ ਪ੍ਰਭਾਵ ਮਹਿਸੂਸ ਹੋ ਸਕਦੇ ਹਨ। 34 ਸਾਲ ਦੀ ਇਸ ਮਹਿਲਾ ਨੇ ਫਲੂ ਵਰਗੇ ਲੱਛਣਾਂ ਨਾਲ ਸ਼ੁਰੂਆਤ ਕੀਤੀ ਪਰ ਫਿਰ ਉਸ ਨੂੰ ਆਪਣੀਆਂ ਲੱਤਾਂ ‘ਤੇ ਝੁਲਸਣ ਵਾਲੀ ਸਨਸਨੀ ਮਹਿਸੂਸ ਹੋਈ। ਤਕਰੀਬਨ ਸੱਤ ਦਿਨਾਂ ਬਾਅਦ ਸਾਰਾਹ ਨੂੰ ਗਿੱਟਿਆਂ ਦੇ ਨੇੜੇ ਧੱਫੜ ਮਿਲਿਆ। ਪਹਿਲਾਂ ਸਾਰਾਹ ਨੇ ਜੀ.ਪੀ. ਨੂੰ ਬੁਲਾਇਆ ਪਰ ਬਾਅਦ ਵਿੱਚ ਉਹ ਇਲਾਜ ਲਈ ਕੁਈਨ ਐਲਿਜ਼ਾਬੈਥ ਯੂਨੀਵਰਸਿਟੀ ਹਸਪਤਾਲ ਗਈ। ਸਿਹਤ ਮਾਹਰ ਸਾਰਾਹ ਦੀ ਸਥਿਤੀ ਬਾਰੇ ਬਹੁਤ ਚਿੰਤਤ ਸਨ ਕਿਉਂਕਿ ਉਸ ਦੀ ਦਿਲ ਦੀ ਗਤੀ ਲੱਗਭਗ 160 ਬੀ ਪੀ ਐਮ (ਧੜਕਣ ਪ੍ਰਤੀ ਮਿੰਟ) ਰਹੀ ਸੀ, ਜਦਕਿ ਔਸਤਨ ਦਿਲ ਦੀ ਦਰ 60 ਅਤੇ 100 ਦੇ ਆਸ ਪਾਸ ਹੁੰਦੀ ਹੈ। ਸਾਰਾਹ ਨੇ ਆਪਣੀਆਂ ਲੱਤਾਂ ਦੇ ਛਾਲਿਆਂ ਨਾਲ ਭਰ ਜਾਣ ਕਾਰਨ ਹਸਪਤਾਲ ਵਿੱਚ 16 ਦਿਨ ਬਿਤਾਏ ਅਤੇ ਉਸ ਦੇ ਬਾਅਦ ਹੁਣ ਉਹ ਵੀਲ੍ਹ ਚੇਅਰ ‘ਤੇ ਹੈ ਅਤੇ ਠੀਕ ਹੋ ਰਹੀ ਹੈ। ਸਾਰਾਹ ਨੇ ਕਿਹਾ ਕਿ ਹਸਪਤਾਲ ਦੇ ਡਾਕਟਰਾਂ ਨੇ ਇਹ ਸਿੱਟਾ ਕੱਢਣ ਤੋਂ ਪਹਿਲਾਂ ਕਈ ਟੈਸਟ ਕੀਤੇ ਕਿ ਉਸ ਨੂੰ ਟੀਕੇ ਪ੍ਰਤੀ ਉਲਟ ਪ੍ਰਤੀਕ੍ਰਿਆ ਸੀ। ਉਹ ਹੁਣ ਦੂਜੇ ਲੋਕਾਂ ਨੂੰ ਟੀਕਾ ਲਗਾਉਣ ਤੋਂ ਬਾਅਦ ਆਪਣੇ ਸਰੀਰ ਵਿੱਚ ਹੋ ਰਹੀਆਂ ਤਬਦੀਲੀਆਂ ਪ੍ਰਤੀ ਜਾਗਰੂਕ ਹੋਣ ਦੀ ਅਪੀਲ ਕਰ ਰਹੀ ਹੈ।