UK News

ਯੂਕੇ: ਕੋਰੋਨਾ ਤਾਲਾਬੰਦੀ ਦੌਰਾਨ ਹਿੰਸਕ ਅਪਰਾਧਾਂ ‘ਚ ਤੇਜ਼ੀ ਨਾਲ ਆਈ ਗਿਰਾਵਟ

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਕੋਰੋਨਾ ਵਾਇਰਸ ਮਹਾਮਾਰੀ ਨੇ ਜਿੱਥੇ ਬਹੁਤ ਵੱਡੇ ਪੱਧਰ ‘ਤੇ ਜਾਨੀ ਅਤੇ ਮਾਲੀ ਨੁਕਸਾਨ ਕੀਤਾ ਹੈ ਉੱਥੇ ਹੀ ਰਿਪੋਰਟਾਂ ਅਨੁਸਾਰ ਮਹਾਮਾਰੀ ਕਾਰਨ ਕੀਤੀ ਗਈ ਤਾਲਾਬੰਦੀ ਕਰਕੇ ਯੂਕੇ ‘ਚ ਹੁੰਦੇ ਹਿੰਸਕ ਅਪਰਾਧਾਂ ‘ਚ ਗਿਰਾਵਟ ਦਰਜ ਕੀਤੀ ਗਈ ਹੈ। ਇਸ ਸੰਬੰਧੀ ਕਾਰਡਿਫ ਯੂਨੀਵਰਸਿਟੀ ਦੁਆਰਾ ਕੀਤੀ ਗਈ ਖੋਜ ਅਨੁਸਾਰ ਪਿਛਲੇ ਸਾਲ ਦੇ ਮੁਕਾਬਲੇ ਇੰਗਲੈਂਡ ਅਤੇ ਵੇਲਜ਼ ਵਿੱਚ 2020 ‘ਚ ਘੱਟ ਹਿੰਸਕ ਅਪਰਾਧ ਹੋਏ ਹਨ, ਜਿਸ ਕਰਕੇ ਹਿੰਸਾ ਦੇ ਨਜ਼ਰੀਏ ਤੋਂ 2020 ਸਭ ਤੋਂ ਸੁਰੱਖਿਅਤ ਸਾਲ ਰਿਹਾ ਹੈ। 

 

ਕਾਰਡਿਫ ਯੂਨੀਵਰਸਿਟੀ ਦੇ ਹਿੰਸਾ ਰਿਸਰਚ ਸਮੂਹ ਨੇ ਪੂਰੇ 2020 ਵਿਚਲੇ ਅੰਕੜਿਆਂ ਦਾ ਵਿਸ਼ਲੇਸ਼ਣ ਇੰਗਲੈਂਡ ਅਤੇ ਵੇਲਜ਼ ਵਿੱਚ ਐਨ ਐਚ ਐਸ ਦੇ 133 ਹਸਪਤਾਲਾਂ ਦੇ ਐਮਰਜੈਂਸੀ ਵਿਭਾਗਾਂ, ਮਾਮੂਲੀ ਸੱਟ ਲੱਗਣ ਵਾਲੀਆਂ ਇਕਾਈਆਂ ਅਤੇ ਵਾਕ-ਇਨ ਸੈਂਟਰਾਂ ਦੇ ਆਧਾਰ ‘ਤੇ ਕੀਤਾ ਹੈ। ਇਸ ਰਿਪੋਰਟ ਅਨੁਸਾਰ 2020 ਵਿੱਚ ਹਿੰਸਾ ਨਾਲ ਸਬੰਧਤ ਇਲਾਜ ਲਈ ਗਏ ਜ਼ਖ਼ਮੀ ਲੋਕਾਂ ਦੀ ਗਿਣਤੀ 119,111 ਸੀ ਜੋ ਕਿ ਪਿਛਲੇ ਸਾਲ ਦੇ ਮੁਕਾਬਲੇ 56,653 ਘੱਟ ਸੀ। ਇਹ ਕਟੌਤੀ ਸਾਰੇ ਉਮਰ ਵਰਗਾਂ ਵਿੱਚ ਕੀਤੀ ਗਈ ਸੀ ਪਰ 11 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿੱਚ ਵਿੱਚ 66% ਦੀ ਗਿਰਾਵਟ ਸੀ। 

ਕੋਵਿਡ -19 ਮਹਾਮਾਰੀ ਦੇ ਫੈਲਣ ਨੂੰ ਸੀਮਤ ਕਰਨ ਲਈ ਨਾਗਰਿਕਾਂ, ਕਾਰੋਬਾਰਾਂ ਅਤੇ ਆਵਾਜਾਈ ਉੱਤੇ ਲਗਾਈਆਂ ਗਈਆਂ ਪਾਬੰਦੀਆਂ ਨੇ ਇਸ ਗਿਰਾਵਟ ਵਿੱਚ ਯੋਗਦਾਨ ਪਾਇਆ ਹੈ। ਜਦਕਿ ਮਈ 2020 ਵਿੱਚ ਪੱਬਾਂ ਅਤੇ ਬਾਰਾਂ ਨੂੰ ਦੁਬਾਰਾ ਖੋਲ੍ਹਣ ਲਈ ਪਾਬੰਦੀਆਂ ਨੂੰ ਘੱਟ ਕਰਨ ‘ਤੇ ਹਿੰਸਾ ਵਿੱਚ ਫਿਰ ਵਾਧਾ ਦਰਜ ਕੀਤਾ ਗਿਆ। ਇਸ ਦੇ ਇਲਾਵਾ ਘਰੇਲੂ ਹਿੰਸਾ ‘ਤੇ ਤਾਲਾਬੰਦੀ ਦੇ ਪ੍ਰਭਾਵ ਅਜੇ ਵੀ ਅਸਪਸ਼ਟ ਹਨ। ਕਾਰਡਿਫ ਏ ਐਂਡ ਈ ਤੋਂ ਪ੍ਰਾਪਤ ਅੰਕੜੇ ਦਰਸਾਉਂਦੇ ਹਨ ਕਿ 2020 ਵਿੱਚ ਘਰੇਲੂ ਹਿੰਸਾ ਦੇ ਪੱਧਰ ਵਿੱਚ ਬਦਲਾਅ ਨਹੀਂ ਆਇਆ ਹੈ।