World

ਯੂਕੇ ਦੇ ਸਭ ਤੋਂ ਅਮੀਰ ਵਿਅਕਤੀਆਂ ਵਿੱਚੋਂ ਇਕ ਦਾ ਕਤਲ, ਸ਼ੱਕੀ ਗ੍ਰਿਫ਼ਤਾਰ

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)- ਬ੍ਰਿਟੇਨ ਦੇ ਸਭ ਤੋਂ ਅਮੀਰ ਵਿਅਕਤੀਆਂ ਵਿਚੋਂ ਇਕ ਰਿਚਰਡ ਲੇਕਸਿੰਗਟਨ ਸੱਟਨ ਨੂੰ ਉਸ ਦੇ ਘਰ ਵਿਚ ਹੀ ਚਾਕੂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ। ਰਿਚਰਡ (83) ‘ਤੇ ਬੁੱਧਵਾਰ ਰਾਤ ਨੂੰ ਉੱਤਰੀ ਡੋਰਸੈੱਟ ਵਿੱਚ ਉਸ ਦੇ ਘਰ ਅੰਦਰ ਹਮਲਾ ਕੀਤਾ ਗਿਆ ਹੈ। ਉਸ ਦੇ ਇਲਾਵਾ ਤਕਰੀਬਨ 60 ਸਾਲਾਂ ਇੱਕ ਔਰਤ ਨੂੰ ਵੀ ਚਾਕੂ ਨਾਲ ਜ਼ਖ਼ਮੀ ਕੀਤਾ ਗਿਆ ਹੈ, ਜਿਸ ਕਰਕੇ ਉਸ ਨੂੰ ਗੰਭੀਰ ਹਾਲਤ ਵਿੱਚ ਬ੍ਰਿਸਟਲ ਦੇ ਸਾਊਥਮੀਡ ਹਸਪਤਾਲ ਲਿਜਾਇਆ ਗਿਆ ਹੈ।

ਪੁਲਸ ਨੇ ਇਸ ਕਤਲ ਦੇ ਸੰਬੰਧ ਵਿੱਚ ਇੱਕ ਰੇਂਜ ਰੋਵਰ ਨੂੰ ਏ 303 ‘ਤੇ ਪੂਰਬ ਵੱਲ ਜਾਂਦਿਆਂ ਵੇਖਿਆ ਅਤੇ ਗਿਲਿੰਗਹਮ ਖੇਤਰ ਦੇ ਇੱਕ 34 ਸਾਲਾ ਵਿਅਕਤੀ ਨੂੰ ਕਤਲ ਦੇ ਸ਼ੱਕ ਵਿਚ ਗ੍ਰਿਫ਼ਤਾਰ ਕੀਤਾ ਗਿਆ। ਪੁਲਸ ਨੇ ਪੁਸ਼ਟੀ ਕੀਤੀ ਹੈ ਕਿ ਸ਼ੱਕੀ ਵਿਅਕਤੀ ਮ੍ਰਿਤਕ ਦੀ ਜਾਣ-ਪਛਾਣ ਵਾਲਾ ਹੈ। ਰਿਚਰਡ ਯੂਕੇ ਵਿਚ ਲੱਗਭਗ 301 ਮਿਲੀਅਨ ਪੌਂਡ ਦਾ ਮਾਲਕ ਅਤੇ ਸੰਡੇ ਟਾਈਮਜ਼ ਰਿਚ ਲਿਸਟ ਵਿੱਚ 435ਵੇਂ ਨੰਬਰ ’ਤੇ ਸੀ। ਉਸ ਕੋਲ ਦੇਸ਼ ਭਰ ਵਿਚ ਹੋਟਲ, ਜਾਇਦਾਦਾਂ ਅਤੇ ਬਹੁਤ ਸਾਰੀ ਜ਼ਮੀਨ ਸੀ। ਉਸ ਨੇ 1981 ਵਿਚ ਆਪਣੇ ਪਿਤਾ ਤੋਂ ਜਾਇਦਾਦ ਵਿਰਾਸਤ ਵਿਚ ਪ੍ਰਾਪਤ ਕੀਤੀ ਸੀ ਅਤੇ ਮਈ 2020 ਵਿੱਚ ਉਸ ਦੀ ਕੀਮਤ ਲਗਭਗ 301 ਮਿਲੀਅਨ ਪੌਂਡ ਸੀ। ਕੁੱਲ ਮਿਲਾ ਕੇ ਰਿਚਰਡ ਅਤੇ ਉਸ ਦੇ ਪਰਿਵਾਰ ਕੋਲ 7,000 ਏਕੜ ਦੇ ਕਰੀਬ ਜ਼ਮੀਨ ਹੈ ਜੋ ਕਿ ਰੱਖਿਆ ਮੰਤਰਾਲੇ ਦੀ ਮਾਲਕੀਅਤ ਨਾਲੋਂ ਦੁੱਗਣੀ ਹੈ। ਉਸ ਨੇ ਆਪਣੀ ਪਤਨੀ ਫਿਯਾਮਾ ਨਾਲ 1959 ਵਿੱਚ ਵਿਆਹ ਕੀਤਾ ਅਤੇ ਰਿਚਰਡ ਦੇ ਦੋ ਬੱਚੇ, ਡੇਵਿਡ (61) ਅਤੇ ਕੈਰੋਲਿਨ (55) ਅਤੇ ਪੰਜ ਪੋਤੇ ਹਨ।