World

ਯੂਕੇ: ਪ੍ਰਿੰਸ ਫਿਲਿਪ ਦੇ ਅੰਤਿਮ ਸੰਸਕਾਰ ਦੀ ਲਾਈਵ ਕਵਰੇਜ ਨੂੰ 13 ਮਿਲੀਅਨ ਤੋਂ ਵੱਧ ਲੋਕਾਂ ਨੇ ਦੇਖਿਆ

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਯੂਕੇ ਵਿੱਚ 13 ਮਿਲੀਅਨ ਤੋਂ ਵੱਧ ਲੋਕਾਂ ਨੇ ਡਿਊਕ ਆਫ ਐਡਿਨਬਰਾ ਪ੍ਰਿੰਸ ਫਿਲਿਪ ਦੇ ਅੰਤਿਮ ਸੰਸਕਾਰ ਦਾ ਟੀਵੀ ‘ਤੇ ਸਿੱਧਾ ਪ੍ਰਸਾਰਣ ਵੇਖਿਆ। ਇਸ ਵਿੱਚ ਲੋਕਾਂ ਨੇ ਰਾਣੀ ਨੂੰ ਸੋਗ ਵਿੱਚ ਮਾਸਕ ਪਹਿਣੇ ਹੋਏ ਇਕੱਲੇ ਬੈਠੇ ਹੋਏ ਵੀ ਵੇਖਿਆ। ਕੋਰੋਨਾ ਵਾਇਰਸ ਮਹਾਮਾਰੀ ਕਾਰਨ ਲਾਗੂ ਕੀਤੀਆਂ ਗਈਆਂ ਪਾਬੰਦੀਆਂ ਕਾਰਨ ਪ੍ਰਿੰਸ ਦੀ ਅੰਤਿਮ ਵਿਦਾਈ ਮੌਕੇ ਇਕੱਠ ਕਰਨ ਦੀ ਮਨਾਹੀ ਸੀ। ਇਸ ਲਈ ਲੋਕਾਂ ਨੂੰ ਘਰ ਤੋਂ ਹੀ ਇਸ ਦਾ ਸਿੱਧਾ ਪ੍ਰਸਾਰਣ ਦੇਖਣ ਦੀ ਅਪੀਲ ਕੀਤੀ ਗਈ ਸੀ। 

ਵਿੰਡਸਰ ਕੈਸਲ ਵਿਖੇ ਸੇਂਟ ਜਾਰਜ ਚੈਪਲ ਸਰਵਿਸ ਦੀ ਬੀ.ਬੀ.ਸੀ. ਦੀ ਕਵਰੇਜ ਨੇ 11 ਮਿਲੀਅਨ ਦਰਸ਼ਕਾਂ ਨੂੰ ਆਕਰਸ਼ਿਤ ਕੀਤਾ ਅਤੇ ਆਈ ਟੀਵੀ ਨੇ 2.1 ਮਿਲੀਅਨ ਜਦਕਿ ਸਕਾਈ ਨੂੰ ਲੱਗਭਗ 450,000 ਲੋਕਾਂ ਨੇ ਵੇਖਿਆ। ਇਸ ਤੋਂ ਪਹਿਲਾਂ ਵੀ ਰਾਣੀ ਮਾਂ ਦੇ 2002 ਦੇ ਅੰਤਿਮ ਸੰਸਕਾਰ ਨੂੰ 10.4 ਮਿਲੀਅਨ ਲੋਕਾਂ ਨੇ ਟੀਵੀ ‘ਤੇ ਵੇਖਿਆ ਸੀ, ਜਦੋਂ ਕਿ ਰਾਜਕੁਮਾਰੀ ਡਾਇਨਾ ਦੇ ਸੰਸਕਾਰ ਦਾ 1997 ਵਿੱਚ ਰਿਕਾਰਡ 32 ਮਿਲੀਅਨ ਸੀ। 

9 ਅਪ੍ਰੈਲ ਨੂੰ 99 ਸਾਲ ਦੀ ਉਮਰ ਵਿੱਚ ਮਰਨ ਵਾਲੇ ਡਿਊਕ ਲਈ ਕੌਮੀ ਸੋਗ ਦਾ ਸਮਾਂ ਹੁਣ ਖ਼ਤਮ ਹੋ ਗਿਆ ਹੈ, ਜਦਕਿ ਉਸ ਦੇ ਪਰਿਵਾਰ ਦਾ ਦੋ ਹਫ਼ਤਿਆਂ ਦਾ ਸੋਗ ਅਜੇ ਵੀ ਬਾਕੀ ਹੈ। ਇਸ ਦੌਰਾਨ ਰਾਣੀ ਬੁੱਧਵਾਰ ਨੂੰ ਆਪਣੇ 95ਵੇਂ ਜਨਮਦਿਨ ਸਮੇਂ ਵਿੰਡਸਰ ਕੈਸਲ ਵਿਖੇ ਹੀ ਹੋਵੇਗੀ, ਜਿਥੇ ਉਹ ਅਤੇ ਫਿਲਿਪ ਮਹਾਮਾਰੀ ਦੇ ਦੌਰਾਨ ਰਹੇ ਸਨ।