World

ਯੂਕੇ ਬਾਰਡਰ ਸਟਾਫ ਨੂੰ ਚਕਮਾ ਦੇਣ ਦੀ ਕੋਸ਼ਿਸ਼, ਰੋਜ਼ਾਨਾ ਫੜ੍ਹੇ ਜਾ ਰਹੇ 100 ਜਾਅਲੀ ਕੋਵਿਡ ਸਰਟੀਫ਼ਿਕੇਟ

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਕੋਰੋਨਾ ਵਾਇਰਸ ਦੇ ਮੱਦੇਨਜ਼ਰ ਨਿਯਮਾਂ ਅਨੁਸਾਰ ਯੂਕੇ ਵਿੱਚ ਆਉਣ ਵਾਲੇ ਯਾਤਰੀਆਂ ਨੂੰ ਕੋਰੋਨਾ ਵਾਇਰਸ ਦੇ ਨੈਗੇਟਿਵ ਟੈਸਟ ਦਾ ਪ੍ਰਮਾਣ ਪੱਤਰ ਦੇਣਾ ਜਰੂਰੀ ਹੈ ਪਰ ਇਸ ਸੰਬੰਧੀ ਅਧਿਕਾਰੀਆਂ ਅਨੁਸਾਰ ਇੱਕ ਦਿਨ ਵਿੱਚ 100 ਤੋਂ ਵੱਧ ਲੋਕ ਜਾਅਲੀ ਕੋਵਿਡ-19 ਟੈਸਟ ਸਰਟੀਫਿਕੇਟ ਦੀ ਵਰਤੋਂ ਕਰਕੇ ਯੂਕੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਹਨ। ਇਮੀਗ੍ਰੇਸ਼ਨ ਸਰਵਿਸਿਜ਼ ਯੂਨੀਅਨ (ਆਈ ਐਸ ਯੂ) ਅਧਿਕਾਰੀ ਲੂਸੀ ਮੋਰਟਨ ਨੇ ਚਿੰਤਾ ਜ਼ਾਹਿਰ ਕੀਤੀ ਹੈ ਕਿ ਇਸ ਸਥਿਤੀ ਵਿੱਚ ਹਵਾਈ ਅੱਡਿਆਂ ‘ਤੇ ਲੱਗੀਆਂ ਲੰਬੀਆਂ ਕਤਾਰਾਂ ਵਾਇਰਸ ਦੇ ਫੈਲਣ ਦਾ ਕਾਰਨ ਬਣ ਸਕਦੀਆਂ ਹਨ। 

ਬ੍ਰਿਟੇਨ ਦੇ ਨਿਯਮਾਂ ਤਹਿਤ ਸਰਹੱਦ ‘ਤੇ ਪਹੁੰਚਣ ਵਾਲੇ ਹਰੇਕ ਵਿਅਕਤੀ ਨੂੰ ਨਕਾਰਾਤਮਕ ਟੈਸਟ ਦਾ ਸਬੂਤ ਦੇਣਾ ਚਾਹੀਦਾ ਹੈ। ਇਹ ਨਿਯਮ ਬ੍ਰਿਟੇਨ ਦੇ ਨਾਗਰਿਕਾਂ ਅਤੇ ਉਨ੍ਹਾਂ ਲਈ ਵੀ ਬਰਾਬਰ ਲਾਗੂ ਹੁੰਦਾ ਹੈ ਜਿਨ੍ਹਾਂ ਨੂੰ ਕੋਰੋਨਾ ਟੀਕਾ ਲਗਾਇਆ ਗਿਆ ਹੈ ਪਰ ਮੌਜੂਦਾ ਸਮੇਂ ਬਾਰਡਰ ਸਟਾਫ ਇੱਕ ਦਿਨ ਵਿੱਚ ਤਕਰੀਬਨ 100 ਨਕਲੀ ਕੋਰੋਨਾ ਸਰਟੀਫਿਕੇਟ ਫੜ ਰਿਹਾ ਹੈ। 
ਅੰਤਰਰਾਸ਼ਟਰੀ ਪੁਲਸ ਸੰਗਠਨ ਯੂਰੋਪੋਲ ਨੇ ਵੀ ਜਾਅਲੀ ਕੋਵਿਡ ਸਰਟੀਫਿਕੇਟ ਦੀ ਵਿਕਰੀ ਬਾਰੇ ਖਦਸ਼ਾ ਜਤਾਇਆ ਹੈ, ਜੋ ਕਿ 100 ਪੌਂਡ ਤੱਕ ਤਿਆਰ ਕੀਤੇ ਜਾ ਰਹੇ ਹਨ। ਆਮ ਲੋਕਾਂ ਵੱਲੋਂ ਇਸ ਤਰ੍ਹਾਂ ਦੀ ਧਾਂਦਲੀ ‘ਤੇ ਕਾਨੂੰਨ ਦੀਆਂ ਅੱਖਾਂ ‘ਚ ਘੱਟਾ ਪਾਉਣ ਵਾਲੀ ਕਾਰਵਾਈ ‘ਚ ਸ਼ਾਮਿਲ ਹੋਣਾ ਹੋਰਨਾਂ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨਾ ਹੈ। ਅਧਿਕਾਰੀਆਂ ਵੱਲੋਂ ਹੁਣ ਹੋਰ ਵਧੇਰੇ ਚੁਕੰਨੇ ਹੋ ਕੇ ਜਾਂਚ ਕੀਤੀ ਜਾ ਰਹੀ ਹੈ।