World

ਯੂਕੇ: ਮਨੁੱਖੀ ਤਸਕਰੀ ਪੀੜਤਾਂ ਤੋਂ ਕਰਵਾਇਆ ਜਾਂਦਾ ਹੈ ਵੇਸਵਾਪੁਣਾ, 2020 ‘ਚ ਮਿਲੇ 387 ਕੇਸ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਵਿੱਚ ਗੁਲਾਮੀ ਕਰਵਾਉਣ ਦੇ ਮਕਸਦ ਨਾਲ ਮਨੁੱਖੀ ਤਸਕਰੀ ਦੇ ਕੇਸਾਂ ਵਿੱਚ ਵਾਧਾ ਦੇਖਿਆ ਗਿਆ ਹੈ। ਇਸ ਸੰਬੰਧੀ ਰਿਪੋਰਟਾਂ ਅਨੁਸਾਰ ਪਿਛਲੇ ਸਾਲ ਲੱਗਭਗ 400 ਪੀੜਤ ਲੋਕਾਂ ਨੂੰ ਧੋਖਾਧੜੀ ਜਾਂ ਜ਼ਬਰਦਸਤੀ ਇੱਥੇ ਲਿਆਂਦਾ ਗਿਆ ਸੀ, ਜਿਹਨਾਂ ਵਿੱਚੋਂ ਜ਼ਿਆਦਾਤਰ ਵੇਸਵਾ ਵਿਰਤੀ, ਜ਼ਬਰੀ ਮਜ਼ਦੂਰੀ ਆਦਿ ਲਈ ਸਨ। ਜਾਂਚਕਰਤਾਵਾਂ ਦਾ ਕਹਿਣਾ ਹੈ ਕਿ 2020 ਵਿੱਚ ਸਕਾਟਲੈਂਡ ‘ਚ 387 ਤਸਕਰੀ ਵਾਲੇ ਲੋਕ ਪਾਏ ਗਏ, ਜੋ ਪੰਜ ਸਾਲ ਪਹਿਲਾਂ ਧਿਆਨ ਵਿੱਚ ਆਏ ਲੋਕਾਂ ਨਾਲੋਂ ਦੁੱਗਣੇ ਅਤੇ 2013 ਦੇ 99 ਕੇਸਾਂ ਨਾਲੋਂ ਚਾਰ ਗੁਣਾ ਵੱਧ ਸਨ। 

ਇਸ ਸੰਬੰਧੀ ਮੁਹਿੰਮਕਾਰਾਂ ਦਾ ਕਹਿਣਾ ਹੈ ਕਿ ਇਹ ਤਸਕਰੀ ਮਨੁੱਖੀ ਅਧਿਕਾਰਾਂ ਦਾ ਇੱਕ ਘਾਣ ਹੈ ਅਤੇ ਇਹ ਸੰਖਿਆ ਸਿਰਫ ਉਹ ਹੈ ਜੋ ਮਦਦ ਲਈ ਦਰਜ ਹੋਈਆਂ ਹਨ, ਜਦਕਿ ਅਸਲ ਗਿਣਤੀ ਇਸ ਤੋਂ ਜ਼ਿਆਦਾ ਹੋ ਸਕਦੀ ਹੈ। ਕੋਰੋਨਾ ਦੇ ਦੌਰ ਵਿੱਚ ਮਨੁੱਖੀ ਗੁਲਾਮੀ ਦੀ ਦਰ ਰੋਜ਼ਾਨਾ ਇੱਕ ਵਿਅਕਤੀ ਰਹੀ ਹੈ। ਇੱਕ ਸਿਆਸਤਦਾਨ, ਜਿਸ ਨੂੰ ਆਪਣੇ ਖੇਤਰ ਵਿੱਚ ਕਈ ਤਸਕਰੀ ਦੇ ਕੇਸਾਂ ਦੇ ਸਬੂਤ ਮਿਲੇ ਹਨ, ਅਨੁਸਾਰ ਪੀੜਤ ਹੁਣ ਦੇਸ਼ ਦੇ ਹਰ ਕਸਬੇ ਅਤੇ ਸ਼ਹਿਰ ਵਿੱਚ ਪਾਏ ਜਾ ਸਕਦੇ ਹਨ। 

ਪੁਲਸ ਨੇ ਅੰਤਰਰਾਸ਼ਟਰੀ ਤਸਕਰੀ ਕਰਨ ਵਾਲੇ ਗਿਰੋਹਾਂ ਵਿਰੁੱਧ ਵੱਡੀਆਂ ਸਫਲਤਾਵਾਂ ਵੀ ਹਾਸਿਲ ਕੀਤੀਆਂ ਹਨ, ਜਿਸ ਦੇ ਤਹਿਤ ਸਲੋਵਾਕੀਆ ਦੇ ਇੱਕ ਗਿਰੋਹ ਨੂੰ ਔਰਤਾਂ ਨੂੰ ਜਿਨਸੀ ਗੁਲਾਮੀ ਆਦਿ ਕਰਕੇ ਸਕਾਟਲੈਂਡ ਲਿਆਉਣ ਲਈ ਕੁੱਲ 36 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਬ੍ਰਿਟੇਨ ਦੇ ਨੈਸ਼ਨਲ ਰੈਫਰਲ ਮਕੈਨਿਜ਼ਮ ਦੁਆਰਾ ਟਰੈਕ ਕੀਤੇ ਮਾਮਲਿਆਂ ਵਿੱਚ ਵਾਧਾ ਦਰਜ ਕੀਤਾ ਗਿਆ ਹੈ, ਜੋ ਕਿ ਤਸਕਰੀ, ਗੁਲਾਮੀ ਅਤੇ ਜਬਰੀ ਮਜ਼ਦੂਰੀ ਦੇ ਸੰਭਾਵਿਤ ਪੀੜਤਾਂ ਦੀ ਪਛਾਣ ਅਤੇ ਸਹਾਇਤਾ ਕਰਦਾ ਹੈ। 

ਮਨੁੱਖੀ ਤਸਕਰੀ ਲਈ ਸਕਾਟਲੈਂਡ ਦੇ ਅੰਕੜਿਆਂ ਵਿੱਚ ਵਾਧਾ ਕਰਨ ਵਾਲੇ ਦੇਸ਼ਾਂ ਵਿੱਚ ਰੋਮਾਨੀਆ, ਸਲੋਵਾਕੀਆ, ਅਲਬਾਨੀਆ ਅਤੇ ਪੋਲੈਂਡ ਵਰਗੇ ਯੂਰਪੀਅਨ ਦੇਸ਼ ਅਤੇ ਵੀਅਤਨਾਮ, ਚੀਨ, ਭਾਰਤ ਅਤੇ ਪਾਕਿਸਤਾਨ ਵਰਗੇ ਏਸ਼ੀਆਈ ਦੇਸ਼ ਸ਼ਾਮਿਲ ਹਨ। ਗਲਾਸਗੋ ਸਥਿਤ ਸਹਾਇਤਾ ਸਮੂਹ ਟ੍ਰੈਫਿਕਿੰਗ ਅਵੇਅਰਨੈਸ ਰਾਇਜਿੰਗ ਅਲਾਇੰਸ ਦੇ ਆਪ੍ਰੇਸ਼ਨ ਮੈਨੇਜਰ, ਬਰੌਨਾਗ ਐਂਡਰਿਊ ਅਨੁਸਾਰ ਮਨੁੱਖੀ ਤਸਕਰੀ ਸਕਾਟਲੈਂਡ ਵਿੱਚ ਵੱਧ ਰਹੀ ਚਿੰਤਾ ਦਾ ਵਿਸ਼ਾ ਹੈ। ਇਹ ਜ਼ਾਲਮ ਅਤੇ ਬੇਰਹਿਮ ਅਪਰਾਧੀਆਂ ਦੁਆਰਾ ਕੀਤਾ ਗਿਆ ਇੱਕ ਅਪਰਾਧ ਹੈ ਜੋ ਦੂਜਿਆਂ ਦੇ ਸ਼ੋਸ਼ਣ ਅਤੇ ਦੁਖਾਂਤ ਤੋਂ ਪੈਸਾ ਕਮਾਉਣ ਦੀ ਕੋਸ਼ਿਸ਼ ਕਰਦੇ ਹਨ ਅਤੇ ਉਹਨਾਂ ਸਰਕਾਰ ਨੂੰ ਇਸ ਲਈ ਠੋਸ ਕਦਮ ਚੁੱਕਣ ਦੀ ਅਪੀਲ ਕੀਤੀ ਹੈ।