India News

ਯੂਕੇ ਵੱਲੋਂ ਨਸ਼ਾ ਤਸਕਰ ਕਿਸ਼ਨ ਸਿੰਘ ਭਾਰਤ ਹਵਾਲੇ

ਲੰਡਨ, 22 ਮਾਰਚ

ਕੌਮਾਂਤਰੀ ਪੱਧਰ ’ਤੇ ਨਸ਼ਿਆਂ ਦੀ ਤਸਕਰੀ ਦੇ ਮਾਮਲੇ ’ਚ ਲੋੜੀਂਦੇ 38 ਸਾਲਾ ਬਰਤਾਨਵੀ ਨਾਗਰਿਕ ਕਿਸ਼ਨ ਸਿੰਘ ਨੂੰ ਯੂਕੇ ਨੇ ਭਾਰਤ ਹਵਾਲੇ ਕਰ ਦਿੱਤਾ ਹੈ। ਕਿਸ਼ਨ ਸਿੰਘ ਦਾ ਪਿਛੋਕੜ ਰਾਜਸਥਾਨ ਨਾਲ ਸਬੰਧਤ ਹੈ। ਉਸ ਨੂੰ ਮੈਟਰੋਪੌਲਿਟਨ ਪੁਲੀਸ ਨੇ ਭਾਰਤ ਤੋਂ ਯੂਕੇ ਗਈ ਟੀਮ ਨੂੰ ਸੌਂਪ ਦਿੱਤਾ। ਭਾਰਤ ਤੋਂ ਗਈ ਟੀਮ ਨੇ ਉਸ ਦੀ ਹੀਥਰੋ ਹਵਾਈ ਅੱਡੇ ’ਤੇ ਹਵਾਲਗੀ ਲਈ ਤੇ ਐਤਵਾਰ ਦੇਰ ਸ਼ਾਮ ਨਵੀਂ ਦਿੱਲੀ ਪਹੁੰਚ ਗਈ। ਮੁਲਜ਼ਮ ’ਤੇ ਰਸਾਇਣਕ ਡਰੱਗ ਜਿਵੇਂ ਕਿ ਮੇਫੇਡ੍ਰੋਨ, ਜਿਸ ਨੂੰ ਵਾਈਟ ਮੈਜਿਕ ਤੇ ਮਿਆਓ ਮਿਆਓ ਵੀ ਕਿਹਾ ਜਾਂਦਾ ਹੈ ਅਤੇ ਕੀਟਾਮਾਈਨ 2016-17 ਦੌਰਾਨ ਭਾਰਤ ਵਿਚ ਸਪਲਾਈ ਕਰਨ ਦਾ ਦੋਸ਼ ਹੈ। ਕਿਸ਼ਨ ਨੂੰ ਲੰਡਨ ਵਿਚ ਹਵਾਲਗੀ ਵਾਰੰਟ ਦੇ ਅਧਾਰ ’ਤੇ ਅਗਸਤ 2018 ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ।