UK News

ਯੂਕੇ: NHS ਘੱਟ ਕਰੇਗਾ ਸੰਪਰਕ ਟਰੇਸਿੰਗ ਕਰਮਚਾਰੀਆਂ ਦੀ ਗਿਣਤੀ

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)- ਯੂਕੇ ਵਿਚ ਜਾਰੀ ਕੋਰੋਨਾ ਟੀਕਾਕਰਨ ਮੁਹਿੰਮ ਅਤੇ ਸਰਕਾਰ ਦੇ ਯਤਨਾਂ ਸਦਕਾ, ਵਾਇਰਸ ਦੀ ਲਾਗ ਦੇ ਮਾਮਲਿਆਂ ਵਿਚ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ, ਜਿਸ ਕਰਕੇ ਬ੍ਰਿਟੇਨ ਦੀ ਐੱਨ. ਐੱਚ. ਐੱਸ. (ਨੈਸ਼ਨਲ ਹੈਲਥ ਸਰਵਿਸ) ਟੈਸਟ ਐਂਡ ਟਰੇਸ ਪ੍ਰਣਾਲੀ ਦੇਸ਼ ਵਿਚ ਕੋਰੋਨਾ ਵਾਇਰਸ ਮਾਮਲਿਆਂ ਵਿਚ ਗਿਰਾਵਟ ਤੋਂ ਬਾਅਦ ਇਸਦੇ ਸੰਪਰਕ ਟਰੇਸਿੰਗ ਕਰਮਚਾਰੀਆਂ ਦੀ ਗਿਣਤੀ ਨੂੰ ਘਟਾ ਰਹੀ ਹੈ।

 

ਇਸ ਸਬੰਧੀ ਸਿਹਤ ਅਤੇ ਸਮਾਜਕ ਦੇਖ਼ਭਾਲ ਵਿਭਾਗ ਦੇ ਇਕ ਬੁਲਾਰੇ ਨੇ ਸ਼ੁੱਕਰਵਾਰ ਨੂੰ ਇਕ ਬਿਆਨ ਵਿਚ ਦੱਸਿਆ ਕਿ ਸਰਦੀਆਂ ਵਿਚ ਟਰੇਸ ਸਰਵਿਸ ‘ਚ ਕੰਮ ਕਰਨ ਵਾਲਿਆਂ ਦੀ ਗਿਣਤੀ ਵਿਚ ਵਾਧਾ ਕੀਤਾ ਗਿਆ ਸੀ ਅਤੇ ਹੁਣ ਮਾਮਲਿਆਂ ਵਿਚ ਗਿਰਾਵਟ ਕਰਕੇ ਕਾਮਿਆਂ ਦੀ ਗਿਣਤੀ ਘਟਾਉਣ ‘ਤੇ ਕੰਮ ਹੋ ਰਿਹਾ ਹੈ। ਇਸ ਦੇ ਇਲਾਵਾ ਇਹਨਾਂ ਦੀ ਮੰਗ ਪ੍ਰਤੀ ਵੀ ਧਿਆਨ ਰੱਖਿਆ ਜਾਵੇਗਾ, ਜਿਸ ਅਨੁਸਾਰ ਅਮਲੇ ਦੀ ਗਿਣਤੀ ਵਿਚਾਰੀ ਜਾਵੇਗੀ। ਹਾਲਾਂਕਿ ਵਿਭਾਗ ਦੇ ਬਿਆਨ ਵਿਚ ਇਹ ਨਹੀਂ ਦੱਸਿਆ ਕਿ ਸਟਾਫ ਨੂੰ ਕਿੰਨਾ ਕੁ ਘਟਾਇਆ ਜਾ ਰਿਹਾ ਹੈ। ਜਦਕਿ ਐੱਨ. ਐੱਚ. ਐੱਸ. ਟੈਸਟ ਅਤੇ ਟਰੇਸ ਨੇ ਇਸ ਦੀ ਸ਼ੁਰੂਆਤ ਤੋਂ ਬਾਅਦ ਤਕਰੀਬਨ 10 ਮਿਲੀਅਨ ਲੋਕਾਂ ਨਾਲ ਸੰਪਰਕ ਕੀਤਾ ਹੈ।

ਸ਼ੁੱਕਰਵਾਰ ਨੂੰ ਜਾਰੀ ਵਾਇਰਸ ਸਬੰਧੀ ਅੰਕੜਿਆਂ ਅਨੁਸਾਰ ਬ੍ਰਿਟੇਨ ਵਿਚ ਕੁੱਲ 34.2 ਮਿਲੀਅਨ ਤੋਂ ਵੱਧ ਲੋਕਾਂ ਨੂੰ ਕੋਵਿਡ -19 ਟੀਕੇ ਦੀ ਪਹਿਲੀ ਖੁਰਾਕ ਦਿੱਤੀ ਗਈ ਹੈ ਅਤੇ ਇਸ ਤੋਂ ਅਗਲੇ ਦਿਨ ਹੀ 2,381 ਲੋਕਾਂ ਨੇ ਵਾਇਰਸ ਲਈ ਸਕਾਰਾਤਮਕ ਟੈਸਟ ਕੀਤਾ ਹੈ। ਇਸ ਦੇ ਇਲਾਵਾ ਸਕਾਰਾਤਮਕ ਟੈਸਟ ਦੇ 28 ਦਿਨਾਂ ਦੇ ਅੰਦਰ-ਅੰਦਰ 15 ਨਵੀਆਂ ਮੌਤਾਂ ਦਰਜ ਕੀਤੀਆਂ ਗਈਆਂ ਹਨ। ਬ੍ਰਿਟੇਨ ਨੇ ਫਾਈਜ਼ਰ ਟੀਕੇ ਦੀਆਂ ਕੁੱਲ 100 ਮਿਲੀਅਨ ਖੁਰਾਕਾਂ ਦਾ ਆਦੇਸ਼ ਦਿੱਤਾ ਹੈ ਅਤੇ ਦੇਸ਼ ਕੋਲ ਅੱਠ ਵੱਖ-ਵੱਖ ਕੋਵਿਡ-19 ਟੀਕਿਆਂ ਦੀਆਂ 517 ਮਿਲੀਅਨ ਖੁਰਾਕਾਂ ਦਾ ਸੌਦਾ ਹੈ, ਜਿਨ੍ਹਾਂ ਵਿਚੋਂ ਕੁੱਝ ਅਜੇ ਵਿਕਾਸ ਅਧੀਨ ਹਨ।