India News

ਯੂਨੀਵਰਸਿਟੀਜ਼ ’ਚ ਵਿਦਿਆਰਥੀਆਂ ’ਤੇ ਹਮਲੇ ਮੰਦਭਾਗੇ: ਜੱਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ

ਅੰਮ੍ਰਿਤਸਰ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਦੇਸ਼ ਦੀਆਂ ਯੂਨੀਵਰਸਿਟੀਜ਼ ਚ ਜਦੋਂ ਵਿਦਿਆਰਥੀਆਂ ਉੱਤੇ ਹਮਲੇ ਹੋਣ ਲੱਗ ਪੈਣ, ਤਾਂ ਉਸ ਤੋਂ ਮੰਦਭਾਗੀ ਘਟਨਾ ਹੋਰ ਕੋਈ ਨਹੀਂ ਹੋ ਸਕਦੀ। ਜੱਥੇਦਾਰ ਸਾਹਿਬ ਅੱਜ ਪੱਤਰਕਾਰਾਂ ਵੱਲੋਂ ਜਵਾਹਰਲਾਲ ਨਹਿਰੂ ਯੂਨੀਵਰਸਿਟੀ (JNU) ’ਚ ਕੱਲ੍ਹ ਐਤਵਾਰ ਨੂੰ ਵਾਪਰੀ ਹਿੰਸਕ ਘਟਨਾ ਬਾਰੇ ਪੁੱਛੇ ਸੁਆਲ ਦਾ ਜੁਆਬ ਦੇ ਰਹੇ ਸਨ।

ਜੱਥੇਦਾਰ ਨੇ ਕਿਹਾ ਕਿ ਵਿਦਿਆਰਥੀਆਂ ਦੀਆਂ ਮੰਗਾਂ ਤਾਂ ਸਗੋਂ ਬਹੁਤ ਹੀ ਧਿਆਨ ਨਾਲ ਸੁਣੀਆਂ ਜਾਣੀਆਂ ਚਾਹੀਦੀਆਂ ਹਨ। ਅੰਮ੍ਰਿਤਸਰ ਵਿਖੇ ਪੱਤਰਕਾਰਾਂ ਦੇ ਸੁਆਲਾਂ ਦੇ ਜੁਆਬ ਦਿੰਦਿਆਂ ਜੱਥੇਦਾਰ, ਸ੍ਰੀ ਅਕਾਲ ਤਖ਼ਤ ਸਾਹਿਬ ਨੇ ਪਾਕਿਸਤਾਨ ਚ ਨਨਕਾਣਾ ਸਾਹਿਬ ਵਿਖੇ ਵਾਪਰੀ ਗੁਰੂਘਰ ਉੱਤੇ ਪਥਰਾਅ ਤੇ ਧਮਕੀਆਂ ਦੇ ਨਾਲਨਾਲ ਸਿੱਖ ਨੌਜਵਾਨ ਦੇ ਕਤਲ ਦੀ ਘਟਨਾ ਉੱਤੇ ਵੀ ਡੂੰਘਾ ਦੁੱਖ ਪ੍ਰਗਟਾਇਆ।

ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਪੂਰੀ ਦੁਨੀਆ ਵਿੱਚ ਸਿੱਖਾਂ ਨੂੰ ਕਦੇ ਇਨਸਾਫ਼ ਮਿਲੇਗਾ। ਉਨ੍ਹਾਂ ਕਿਹਾ ਕਿ ਪਾਕਿਸਤਾਨ ਹੀ ਨਹੀਂ, ਸਗੋਂ ਭਾਰਤ ਦੇ ਮੱਧ ਪ੍ਰਦੇਸ਼ ਤੇ ਸ਼ਿਲੌਂਗ ਵਿਖੇ ਸਿੱਖਾਂ ਵਿਰੁੱਧ ਵਾਪਰੀਆਂ ਘਟਨਾਵਾਂ ਵੀ ਬੇਹੱਦ ਚਿੰਤਾਜਨਕ ਹਨ।

ਉਨ੍ਹਾਂ ਕਿਹਾ ਕਿ ਉਨ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿਹਾ ਹੈ ਕਿ ਉਹ ਭਾਰਤ ਸਰਕਾਰ ਨੂੰ ਇਸ ਬਾਰੇ ਮਿਲੇ ਤੇ ਉੱਥੋਂ ਦੇ ਸਿੱਖਾਂ ਨੂੰ ਇਨਸਾਫ਼ ਤੇ ਉਨ੍ਹਾਂ ਦੀ ਸੁਰੱਖਿਆ ਲਈ ਕੋਈ ਵਾਜਬ ਕਦਮ ਚੁੱਕਣ ਵਾਸਤੇ ਦਬਾਅ ਪਾਵੇ।

ਸਿੱਖਾਂ ਉੱਤੇ ਭਾਰਤ ਤੇ ਪਾਕਿਸਤਾਨ ਸਮੇਤ ਪੂਰੀ ਦੁਨੀਆ ਵਿੱਚ ਲਗਾਤਾਰ ਹੋ ਰਹੀਆਂ ਵਧੀਕੀਆਂ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਕੁਝ ਨਿਰਾਸ਼ ਤੇ ਫ਼ਿਕਰਮੰਦ ਵਿਖਾਈ ਦਿੱਤੇ।

ਇਸੇ ਲਈ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਕਿਸੇ ਸਰਕਾਰ ਤੋਂ ਸਿੱਖਾਂ ਲਈ ਕਿਸੇ ਤਰ੍ਹਾਂ ਦੇ ਇਨਸਾਫ਼ ਦੀ ਕੋਈ ਆਸ ਨਹੀਂ ਹੈ।

ਅੱਜ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਾਤਲਾਂ ਸਤਵੰਤ ਸਿੰਘ ਤੇ ਕੇਹਰ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਤਵੰਤ ਸਿੰਘ ਤੇ ਕੇਹਰ ਸਿੰਘ ਦੋਵੇਂ ਹੀ ਸਿੱਖਾਂ ਦੇ ਮਹਾਨ ਸ਼ਹੀਦ ਹਨ ਤੇ ਸਦਾ ਰਹਿਣਗੇ।

ਅੱਜ ਸਤਵੰਤ ਸਿੰਘ ਤੇ ਕੇਹਰ ਸਿੰਘ ਦੀ ਬਰਸੀ ਮੌਕੇ ਸ਼੍ਰੋਮਣੀ ਗੁਰਦੁਆਰਾ ਪਬੰਧਕ ਕਮੇਟੀ ਦੇ ਅਹੁਦੇਦਾਰ ਤੇ ਸਿਮਰਨਜੀਤ ਸਿੰਘ ਮਾਨ, ਦਲ ਖ਼ਾਲਸਾ ਮੁਖੀ ਕੰਵਰਪਾਲ ਸਿੰਘ, ਅਕਾਲ ਤਖ਼ਤ ਸਾਹਿਬ ਦੇ ਮੁਤਵਾਜ਼ੀ ਜੱਥੇਦਾਰ ਧਿਆਨ ਸਿੰਘ ਮੰਡ, ਜਰਨੈਲ ਸਿੰਘ ਸਖੀਰਾ, ਮਨਜੀਤ ਸਿੰਘ ਭੋਮਾ ਤੇ ਮੋਹਕਮ ਸਿੰਘ ਜਿਹੇ ਵੱਖਵਾਦੀ ਸਿੱਖ ਆਗੂ ਵੀ ਇੱਥੇ ਮੌਜੂਦ ਸਨ।