Menu

ਰਿਕਾਰਡ ਪੱਧਰ ਨੂੰ ਛੂਹ ਕੇ ਫਿਸਲਿਆ ਸ਼ੇਅਰ ਬਾਜ਼ਾਰ

ਮੁੰਬਈ- ਏਸ਼ੀਆਈ ਬਾਜ਼ਾਰਾਂ ਤੋਂ ਮਿਲੇ ਸਾਕਾਰਾਤਮਕ ਸੰਕੇਤਾਂ ਦੇ ਦਮ ‘ਤੇ ਨਵੇਂ ਸਿਖਰ ‘ਤੇ ਖੁੱਲ੍ਹਣ ਵਾਲਾ ਘਰੇਲੂ ਸ਼ੇਅਰ ਬਾਜ਼ਾਰ ਦਿੱਗਜ ਕੰਪਨੀਆਂ ‘ਚ ਹੋਈ ਮੁਨਾਫਾ ਵਸੂਲੀ ਦੇ ਦਬਾਅ ‘ਚ ਪੂਰਾ ਦਿਨ ਉਤਾਰ-ਚੜ੍ਹਾਅ ਤੋਂ ਹੁੰਦਾ ਹੋਇਆ ਅਖੀਰ ਮਾਮੂਲੀ ਗਿਰਾਵਟ ‘ਚ ਬੰਦ ਹੋਇਆ।
ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਪਹਿਲੀ ਵਾਰ ਕਾਰੋਬਾਰ ਦੌਰਾਨ 10 ਹਜ਼ਾਰ ਅੰਕ ਦੇ ਜਾਦੂਈ ਅੰਕ ਨੂੰ ਛੂਹਣ ‘ਚ ਕਾਮਯਾਬ ਰਿਹਾ। ਜ਼ਿਆਦਾਤਰ ਏਸ਼ੀਆਈ ਬਾਜ਼ਾਰਾਂ ਦੇ ਹਰੇ ਨਿਸ਼ਾਨ ‘ਚ ਰਹਿਣ ਦਾ ਫਾਇਦਾ ਵੀ ਘਰੇਲੂ ਸ਼ੇਅਰ ਬਾਜ਼ਾਰ ਨੂੰ ਮਿਲਿਆ। ਨਿਫਟੀ 44.15 ਅੰਕ ਦੀ ਤੇਜ਼ੀ ਨਾਲ 10,010.55 ਅੰਕ ‘ਤੇ ਖੁੱਲ੍ਹਾ ਅਤੇ ਖੁੱਲ੍ਹਦਿਆਂ ਹੀ 10,011.30 ਅੰਕ ਦੇ ਦਿਨ ਦੇ ਉੱਚੇ ਪੱਧਰ ‘ਤੇ ਪਹੁੰਚ ਗਿਆ। ਮੁਨਾਫਾ ਵਸੂਲੀ ਦੇ ਦਬਾਅ ‘ਚ ਇਕ ਸਮੇਂ ਇਹ 9949.10 ਅੰਕ ਦੇ ਦਿਨ ਦੇ ਹੇਠਲੇ ਪੱਧਰ ਤੱਕ ਵੀ ਫਿਸਲ ਗਿਆ ਸੀ। ਹਾਲਾਂਕਿ ਕਾਰੋਬਾਰ ਦੇ ਅਖੀਰ ‘ਤੇ ਇਹ ਬੀਤੇ ਦਿਨ ਦੇ ਮੁਕਾਬਲੇ ਸਿਰਫ਼ 0.02 ਫ਼ੀਸਦੀ ਯਾਨੀ 1.85 ਅੰਕ ਦੀ ਗਿਰਾਵਟ ਨਾਲ 9964.55 ਅੰਕ ‘ਤੇ ਰਿਹਾ।
ਬੀ. ਐੱਸ. ਈ. ਦਾ 30 ਸ਼ੇਅਰਾਂ ਵਾਲਾ ਸੰਵੇਦੀ ਸੂਚਕ ਅੰਕ ਸੈਂਸੈਕਸ 104.84 ਅੰਕ ਦੀ ਛਲਾਂਗ ਲਾਉਂਦਾ ਹੋਇਆ 32,350.71 ਅੰਕ ‘ਤੇ ਖੁੱਲ੍ਹਾ ਅਤੇ ਖੁੱਲ੍ਹਦਿਆਂ ਹੀ 32,374.30 ਅੰਕ ਦੇ ਹੁਣ ਤੱਕ ਦੇ ਉੱਚੇ ਪੱਧਰ ‘ਤੇ ਪਹੁੰਚ ਗਿਆ। ਵਿਕਰੀ ਦੇ ਦਬਾਅ ‘ਚ ਇਹ ਵੀ 32,196.86 ਅੰਕ ਦੇ ਦਿਨ ਦੇ ਹੇਠਲੇ ਪੱਧਰ ਤੱਕ ਫਿਸਲ ਗਿਆ ਸੀ ਪਰ ਬਾਅਦ ‘ਚ ਨੁਕਸਾਨ ਕੁੱਝ ਘੱਟ ਕਰਦਿਆਂ ਅਖੀਰ ‘ਤੇ 0.05 ਫ਼ੀਸਦੀ ਯਾਨੀ 17.60 ਅੰਕ ਦੀ ਗਿਰਾਵਟ ‘ਚ 32,228.75 ਅੰਕ ‘ਤੇ ਬੰਦ ਹੋਇਆ।