India News

ਲੁਧਿਆਣਾ `ਚ ਅਕਾਲੀਆਂ ਨੇ ਰਾਜੀਵ ਗਾਂਧੀ ਦੇ ਬੁੱਤ `ਤੇ ਮਲ਼ੀ ਕਾਲਖ

ਲੁਧਿਆਣਾ-ਯੂਥ ਅਕਾਲੀ ਦਲ ਦੇ ਆਗੂਆਂ ਨੇ ਅੱਜ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਬੁੱਤ `ਤੇ ਕਾਲਾ ਰੰਗ ਸਪਰੇਅ ਕਰ ਦਿੱਤਾ। ਇਹ ਘਟਨਾ ਅੱਜ ਸਵੇਰੇ ਲੁਧਿਆਣਾ ਸ਼ਹਿਰ ਦੇ ਸਲੇਮ ਟਾਬਰੀ ਇਲਾਕੇ `ਚ ਵਾਪਰੀ। ਯੂਥ ਅਕਾਲੀ ਦਲ ਦੇ ਆਗੂ ਰਾਜੀਵ ਗਾਂਧੀ ਤੋਂ ਦੇਸ਼ ਦਾ ਸਰਬਉੱਚ ਪੁਰਸਕਾਰ ‘ਭਾਰਤ ਰਤਨ` ਵਾਪਸ ਲੈਣ ਦੀ ਮੰਗ ਕਰ ਰਹੇ ਸਨ। ਉਨ੍ਹਾਂ ਦੇ ਕੁਝ ਚਿਰ ਪਿੱਛੋਂ ਕਾਂਗਰਸੀ ਆਗੂ ਗੁਰਸਿਮਰਨ ਸਿੰਘ ਮੰਡ ਨੇ ਆਪਣੀ ਦਸਤਾਰ ਨਾਲ ਬੁੱਤ ਸਾਫ਼ ਕੀਤਾ। ਬਾਅਦ `ਚ ਬੁੱਤ ਨੂੰ ਦੁੱਧ ਨਾਲ ਵੀ ਧੋਤਾ ਗਿਆ। ਇਸ ਘਟਨਾ ਤੋਂ ਬਾਅਦ ਹਾਲਾਤ ਤਣਾਅਪੂਰਨ ਹੋ ਗਏ ਕਿਉਂਕਿ ਉੱਥੇ ਕਾਂਗਰਸੀ ਵਰਕਰ ਇਕੱਠੇ ਹੋਣੇ ਸ਼ੁਰੂ ਹੋ ਗਏ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਭਾਵੇਂ ਉੱਥੋਂ ਜਾ ਚੁੱਕੇ ਸਨ ਪਰ ਫਿਰ ਵੀ ਉੱਥੇ ਭਾਰੀ ਗਿਣਤੀ `ਚ ਪੁਲਿਸ ਬਲ ਮੌਜੂਦ ਸਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਦੋਸ਼ੀਆਂ ਦੀ ਸ਼ਨਾਖ਼ਤ ਕਰਨ ਤੇ ਸਖ਼ਤ ਕਾਰਵਾਈ ਕਰਨ ਦੇ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਕਿਹਾ ਕਿ ਅਜਿਹੀ ਗ਼ਲਤ ਹਰਕਤ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਮਾਫ਼ੀ ਮੰਗਣੀ ਚਾਹੀਦੀ ਹੈ।