India News

ਲੋਕਾਂ ਨੂੰ ਮਨਮੋਹਨ ਸਿੰਘ ਵਰਗੇ ‘ਪੜ੍ਹੇ-ਲਿਖੇ’ ਪ੍ਰਧਾਨ ਮੰਤਰੀ ਦੀ ਰੜਕ ਰਹੀ ਹੈ ਘਾਟ : ਕੇਜਰੀਵਾਲ

ਨਵੀਂ ਦਿੱਲੀ – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਵਿਅੰਗ ਕਰਦਿਆਂ ਅੱਜ ਕਿਹਾ ਕਿ ਲੋਕਾਂ ਨੂੰ ਮਨਮੋਹਨ ਸਿੰਘ ਵਰਗੇ ‘ਪੜ੍ਹੇ-ਲਿਖੇ ਪ੍ਰਧਾਨ ਮੰਤਰੀ’ ਦੀ ਘਾਟ ਰੜਕ ਰਹੀ ਹੈ।
ਕੇਜਰੀਵਾਲ ਨੇ ਡਿੱਗਦੇ ਰੁਪਏ ‘ਤੇ ‘ਵਾਲ ਸਟ੍ਰੀਟ’ ਦਾ ਇਕ ਲੇਖ ਪਾਉਂਦੇ ਹੋਏ ਟਵਿਟਰ ‘ਤੇ ਲਿਖਿਆ, ”ਲੋਕਾਂ ਨੂੰ ਡਾ. ਮਨਮੋਹਨ ਸਿੰਘ ਵਰਗੇ ਪੜ੍ਹੇ-ਲਿਖੇ ਪ੍ਰਧਾਨ ਮੰਤਰੀ ਦੀ ਘਾਟ ਰੜਕ ਰਹੀ ਹੈ, ਲੋਕਾਂ ਨੂੰ ਮਹਿਸੂਸ ਹੋ ਰਿਹਾ ਹੈ ਕਿ ਪ੍ਰਧਾਨ ਮੰਤਰੀ ਤਾਂ ਪੜ੍ਹਿਆ-ਲਿਖਿਆ ਹੀ ਹੋਣਾ ਚਾਹੀਦਾ।” ਕੇਜਰੀਵਾਲ ਅਤੇ ਉਨ੍ਹਾਂ ਦੀ ਆਮ ਆਦਮੀ ਪਾਰਟੀ (ਆਪ) ਦੇ ਮੈਂਬਰ ਪਹਿਲਾਂ ਵੀ ਮੋਦੀ ਦੀਆਂ ਵਿੱਦਿਅਕ ਯੋਗਤਾਵਾਂ ਅਤੇ ਉਨ੍ਹਾਂ ਦੀ ਡਿਗਰੀ ਦੀ ਪ੍ਰਮਾਣਿਕਤਾ ‘ਤੇ ਸਵਾਲ ਉਠਾ ਚੁੱਕੇ ਹਨ।
ਮੁੱਖ ਮੰਤਰੀ ਨੇ ਰਾਸ਼ਟਰੀ ਰਾਜਧਾਨੀ ‘ਚ ਜਾਰੀ ਜਲ ਸੰਕਟ ਨੂੰ ਲੈ ਕੇ ‘ਗੰਦੀ ਸਿਆਸਤ’ ਕਰਨ ਦਾ ਵੀ ਦੋਸ਼ ਲਾਇਆ। ਉਨ੍ਹਾਂ ਨੇ ਟਵਿਟਰ ‘ਤੇ ਲਿਖਿਆ, ”ਭਾਜਪਾ ਦਿੱਲੀ ਵਾਸੀਆਂ ਦੇ ਪਾਣੀ ਨਾਲ ਗੰਦੀ ਸਿਆਸਤ ਕਰ ਰਹੀ ਹੈ। ਦਿੱਲੀ ਨੂੰ 22 ਸਾਲਾਂ ਤੋਂ ਇਹ ਪਾਣੀ ਮਿਲ ਰਿਹਾ ਸੀ। ਅਚਾਨਕ ਹਰਿਆਣਾ ਦੀ ਭਾਜਪਾ ਸਰਕਾਰ ਨੇ ਇਸ ਸਪਲਾਈ ‘ਤੇ ਭਾਰੀ ਕਟੌਤੀ ਕਰ ਦਿੱਤੀ। ਅਜਿਹਾ ਕਿਉਂ? ਕਿਰਪਾ ਕਰ ਕੇ ਆਪਣੀ ਗੰਦੀ ਸਿਆਸਤ ਨਾਲ ਲੋਕਾਂ ਨੂੰ ਪ੍ਰੇਸ਼ਾਨ ਨਾ ਕਰੋ।”