World

ਲੰਡਨ-ਅੰਮ੍ਰਿਤਸਰ ਉਡਾਣ ਲਈ ਕੇਂਦਰੀ ਮੰਤਰੀਆਂ ਨੂੰ ਮਿਲੇ ਢੇਸੀ

ਲੰਡਨ/ਚੰਡੀਗੜ੍ਹ — ਬਰਤਾਨੀਆ ਦੇ ਸਿੱਖ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਅੱਜ ਨਵੀਂ ਦਿੱਲੀ ਵਿਖੇ ਕੇਂਦਰੀ ਮੰਤਰੀਆਂ ਵਿਜੇ ਸਾਂਪਲਾ ਅਤੇ ਜਯੰਤ ਸਿਨਹਾ ਨਾਲ ਮੁਲਾਕਾਤ ਕਰਕੇ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ਨੂੰ ਯੂਰਪ ਨਾਲ ਜੋੜਨ ਲਈ ਸਿੱਧੀਆਂ ਹਵਾਈ ਉਡਾਣਾਂ ਮੁੜ ਸ਼ੁਰੂ ਕਰਾਉਣ ਲਈ ਮੁਲਾਕਾਤ ਕੀਤੀ ਤਾਂ ਜੋ ਕੇਂਦਰ ਸਰਕਾਰ ਨੂੰ ਇਸ ਮੁੱਦੇ ‘ਤੇ ਪੰਜਾਬੀਆਂ ਖਾਸ ਕਰਕੇ ਪ੍ਰਵਾਸੀ ਭਾਰਤੀਆਂ ਦੀ ਚਿਰੋਕਣੀ ਮੰਗ ਮੰਨਣ ਲਈ ਰਾਜ਼ੀ ਕੀਤਾ ਜਾ ਸਕੇ ।

ਇਸ ਮੁਲਾਕਾਤ ਦੌਰਾਨ ਐੱਮ. ਪੀ. ਢੇਸੀ ਨੇ ਦੋਵਾਂ ਕੇਂਦਰੀ ਮੰਤਰੀਆਂ ਨੂੰ ਲੰਡਨ ਤੋਂ ਅੰਮ੍ਰਿਤਸਰ ਲਈ ਸਿੱਧੀਆਂ ਹਵਾਈ ਉਡਾਣਾਂ ਮੁੜ ਸ਼ੁਰੂ ਕਰਨ ਸਬੰਧੀ ਆਪਣੀ ਤਜਵੀਜ਼ ਪੇਸ਼ ਕੀਤੀ, ਜਿਸ ਉਪਰੰਤ ਸਾਂਪਲਾ ਵਲੋਂ ਇਸ ਤਜਵੀਜ਼ ਨੂੰ ਨੇਪਰੇ ਚਾੜ੍ਹਨ ਲਈ ਆਪਣੀ ਪੂਰੀ ਮਦਦ ਦਾ ਭਰੋਸਾ ਦਿਵਾਉਂਦਿਆਂ ਉਨ੍ਹਾਂ ਉਸੇ ਵੇਲੇ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਜਯੰਤ ਸਿਨਹਾ ਨਾਲ ਵੀ ਇਸ ਸਬੰਧੀ ਮੀਟਿੰਗ ਕਰਵਾਈ । ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੇਂਦਰੀ ਮੰਤਰੀ ਸਿਨਹਾ ਨੇ ਇਸ ਹਵਾਈ ਰੂਟ ਦੀ ਸਫਲਤਾ ਲਈ ਉਨ੍ਹਾਂ ਵੱਲੋਂ ਪੇਸ਼ ਤਜਵੀਜ਼ ਅਤੇ ਤੱਥਾਂ ਨਾਲ ਪੂਰੀ ਤਰ੍ਹਾਂ ਸਹਿਮਤੀ ਪ੍ਰਗਟਾਈ ਹੈ ਅਤੇ ਉਨ੍ਹਾਂ ਨੇ ਸਬੰਧਤ ਹਵਾਈ ਅਥਾਰਿਟੀ ਅਤੇ ਇਸ ਖੇਤਰ ਨਾਲ ਸਬੰਧਤ ਹੋਰ ਏਅਰਲਾਈਨਜ਼ ਨਾਲ ਇਸ ਤਜਵੀਜ਼ ‘ਤੇ ਚਰਚਾ ਕਰਨ ਦਾ ਭਰੋਸਾ ਦਿਵਾਇਆ ਹੈ ।