UK News

ਲੰਡਨ ’ਚ ਖੁੱਲ੍ਹਿਆ ਦੁਨੀਆ ਦਾ ਪਹਿਲਾ ਤੈਰਦਾ ਹੋਇਆ ਪਾਰਦਰਸ਼ੀ ਸਵਿਮਿੰਗ ਪੂਲ

 ਬ੍ਰਿਟੇਨ ਦੀ ਰਾਜਧਾਨੀ ਲੰਡਨ ’ਚ ਦੁਨੀਆ ਦਾ ਪਹਿਲਾ ਤੈਰਦਾ ਅਤੇ ਪਾਰਦਰਸ਼ੀ ਤੈਰਾਕੀ ਪੂਲ ਖੁੱਲ੍ਹਿਆ ਹੈ। ਇਸ ਦਾ ਨਾਂ ‘ਸਕਾਈ ਪੂਲ’ ਰੱਖਿਆ ਗਿਆ ਹੈ। ਇਹ ਪੂਰਾ ਪੂਲ 82 ਫੁੱਟ ਲੰਬਾ ਹੈ ਅਤੇ ਸੜਕ ਤੋਂ 115 ਫੁੱਟ ਦੀ ਉਚਾਈ ’ਤੇ ਹੈ। ਇਹ ਸਵਿਮਿੰਗ ਪੂਲ ਦੱਖਣ-ਪੱਛਮੀ ਲੰਡਨ ’ਚ ਨਾਈਨ ਐਲਮ ਖੇਤਰ ’ਚ ਦੋ ਇਮਾਰਤਾਂ ਦੀ 10ਵੀਂ ਮੰਜ਼ਿਲ ਨੂੰ ਜੋੜ ਕੇ ਬਣਾਇਆ ਗਿਆ ਹੈ। ਇਸ ਪਾਰਦਰਸ਼ੀ ਪੂਲ ’ਚ ਨਹਾਉਣ ਲਈ ਲੋਕਾਂ ਦਾ ਤਾਂਤਾ ਲੱਗਾ ਰਹਿੰਦਾ ਹੈ। ਇਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਕਾਫੀ ਸ਼ੇਅਰ ਕੀਤੀਆਂ ਜਾ ਰਹੀਆਂ ਹਨ। ਐਂਬਸੀ ਗਾਰਡਨ ਦੇ ਅਨੁਸਾਰ ਸਵਿਮਿੰਗ ਪੂਲ ਦਾ ਇਲਾਕਾ ਤਕਰੀਬਨ 50 ਟਨ ਪਾਣੀ ਸਹਾਰ ਸਕਦਾ ਹੈ। ਇਸ ਪੂਲ ਕੋਲ ਛੱਤ ’ਤੇ ਬਾਰ ਤੇ ਸਪਾ ਵੀ ਮੌਜੂਦ ਹੈ।

ਖਬਰਾਂ ਅਨੁਸਾਰ ਇਸ ਨੂੰ ਸਟ੍ਰੱਕਚਰਲ ਇੰਜੀਨੀਅਰ ਇਕੇਰਸਲੇ ਓ’ਕਾਲਾਘਨ ਨੇ ਡਿਜ਼ਾਈਨ ਕੀਤਾ ਹੈ। ਐਂਬਸੀ ਗਾਰਡਨ ਨੇ ਇਸ ਬਾਰੇ ਜ਼ਿਆਦਾ ਜਾਣਕਾਰੀ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਹੈ। ਇਸ ’ਚ ਕਿਹਾ ਗਿਆ ਹੈ ਕਿ ਸਵਿਮਿੰਗ ਪੂਲ ’ਚ 1,48,000 ਲਿਟਰ ਪਾਣੀ ਆ ਸਕਦਾ ਹੈ। ਐਂਬਸੀ ਗਾਰਡਨ ਨੇ ਕਿਹਾ ਕਿ ਇਸ ’ਚ ਨਹਾਉਣ ਵਾਲਾ ਵਿਅਕਤੀ ਦੋ ਰਿਹਾਇਸ਼ੀ ਇਮਾਰਤਾਂ ਦੇ ਵਿਚਕਾਰ ਲੱਗਭਗ 35 ਮੀਟਰ ਤਕ ਹਵਾ ਵਿਚ ਤੈਰ ਸਕਦਾ ਹੈ।

ਉਨ੍ਹਾਂ ਕਿਹਾ ਕਿ ਇਹ ਦੁਨੀਆ ਵਿਚ ਆਪਣੀ ਕਿਸਮ ਦਾ ਪਹਿਲਾ ਤੈਰਦਾ ਅਤੇ ਪਾਰਦਰਸ਼ੀ ਸਵਿਮਿੰਗ ਪੂਲ ਹੈ। ਇਹ ਸਵਿਮਿੰਗ ਪੂਲ ਬਣਾਉਣ ਦਾ ਵਿਚਾਰ ਉਨ੍ਹਾਂ ਨੂੰ ਸਾਲ 2013 ’ਚ ਆਇਆ ਸੀ। ਇਸ ਤੋਂ ਬਾਅਦ ਟੀਮ ਨੇ ਜਗ੍ਹਾ ਦੀ ਭਾਲ ਕੀਤੀ। ਇਸ ਦੌਰਾਨ ਇਕ ਅਜਿਹਾ ਪਾਰਦਰਸ਼ੀ ਤਲਾਬ ਬਣਾਉਣ ਦਾ ਵਿਚਾਰ ਸੀ, ਜਿਸ ’ਚ ਨਹਾਉਂਦੇ ਲੋਕ ਹੇਠਾਂ ਵੇਖ ਸਕਣ ਅਤੇ ਸੜਕ ਤੋਂ ਲੰਘ ਰਹੇ ਲੋਕ ਵੀ ਉੱਪਰ ਆਸਮਾਨ ਨੂੰ ਵੇਖ ਸਕਣ। ਆਖਿਰਕਾਰ ਇਹ ਸਵਿਮਿੰਗ ਪੂਲ ਹੁਣ ਤਿਆਰ ਹੋ ਗਿਆ ਹੈ।