World

ਲੰਡਨ ‘ਚ ਦੱਖਣੀ ਅਫਰੀਕੀ ਵਾਇਰਸ ਦੀ ਜਾਂਚ ਲਈ ਲੱਗੀਆਂ ਕਤਾਰਾਂ

ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)- ਲੰਡਨ ਦੇ ਕਈ ਖੇਤਰਾਂ ਵਿਚ ਦੱਖਣੀ ਅਫਰੀਕੀ ਵਾਇਰਸ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਇਸ ਦੀ ਜਾਂਚ ਲਈ ਹਜ਼ਾਰਾਂ ਵਸਨੀਕ ਲੰਡਨ ਵਿਚ ਲੰਬੀਆਂ ਕਤਾਰਾਂ ਵਿਚ ਖੜ੍ਹੇ ਉਡੀਕ ਕਰਦੇ ਦੇਖੇ ਗਏ। ਬੁੱਧਵਾਰ ਸਵੇਰੇ ਕਲਾਫਮ ਕਾਮਨ ਅਤੇ ਬਰੌਕਵੈੱਲ ਪਾਰਕ ਵਿਖੇ ਟੈਸਟ ਕਰਵਾਉਣ ਵਾਲਿਆਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ, ਜਦੋਂ ਕਿ ਅਧਿਕਾਰੀਆਂ ਵੱਲੋਂ ਵੈਂਡਸਵਰਥ ਅਤੇ ਲੈਂਬਥ ਵਿਚ ਲੋਕਾਂ ਨੂੰ ਟੈਸਟ ਕਰਵਾਉਣ ਲਈ ਅਪੀਲ ਕੀਤੀ ਗਈ।

ਦੱਖਣੀ ਲੰਡਨ ਦੇ ਦੋ ਖੇਤਰਾਂ ਵਿਚ ਦੱਖਣੀ ਅਫਰੀਕੀ ਵਾਇਰਸ ਦੇ 70 ਤੋਂ ਵੱਧ ਪੁਸ਼ਟੀ ਹੋਏ ਜਾਂ ਸੰਭਾਵਿਤ ਕੇਸਾਂ ਦਾ ਪਤਾ ਲਗਾਇਆ ਗਿਆ ਹੈ, ਜਿਸ ਕਰਕੇ ਇਸ ਵੈਰੀਐਂਟ ਦੀ ਜਾਂਚ ਸ਼ੁਰੂ ਕੀਤੀ ਗਈ ਹੈ। ਐਨ. ਐਚ. ਐਸ. ਟੈਸਟ ਐਂਡ ਟਰੇਸ ਤੋਂ ਡਾ. ਸੁਜ਼ਨ ਹੌਪਕਿਨਜ਼ ਨੇ ਇਸ ਨੂੰ ‘ਮਹੱਤਵਪੂਰਨ’ ਦੱਸਿਆ ਅਤੇ 11 ਸਾਲ ਤੋਂ ਵੱਧ ਉਮਰ ਵਾਲੇ ਜਾਂ ਖੇਤਰਾਂ ਵਿਚ ਕੰਮ ਕਰ ਰਹੇ ਹਰੇਕ ਵਿਅਕਤੀ ਨੂੰ ਟੈਸਟ ਕਰਵਾਉਣ ਲਈ ਅਪੀਲ ਕੀਤੀ। ਡਾਉਨਿੰਗ ਸਟ੍ਰੀਟ ਨੇ ਜਾਣਕਾਰੀ ਦਿੱਤੀ ਕਿ ਇਸ ਪ੍ਰਕੋਪ ਨੂੰ ਬਹੁਤ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਅਤੇ ਇਸ ਨੂੰ ਫੈਲਣ ਤੋਂ ਰੋਕਣ ਲਈ ‘ਸਖ਼ਤ ਕਦਮ’ ਚੁੱਕੇ ਗਏ ਹਨ।

ਸਿਹਤ ਅਧਿਕਾਰੀਆਂ ਦੀਆਂ ਟੀਮਾਂ ਪੀ. ਸੀ. ਆਰ. ਟੈਸਟ ਕਿੱਟਾਂ ਪ੍ਰਦਾਨ ਕਰਨ ਲਈ ਐਨ 3 ਪੋਸਟਕੋਡ ਅਧੀਨ ਖੇਤਰਾਂ ਵਿਚ ਘਰ-ਘਰ ਜਾ ਰਹੀਆਂ ਹਨ ਅਤੇ ਫਿੰਚਲੇ ਸੈਂਟਰਲ ਸਟੇਸ਼ਨ ਦੇ ਕਾਰ ਪਾਰਕ ਵਿਚ ਇਕ ਮੋਬਾਈਲ ਟੈਸਟਿੰਗ ਯੂਨਿਟ ਵੀ ਸਥਾਪਤ ਕੀਤਾ ਜਾਵੇਗਾ। ਇਸ ਦੇ ਨਾਲ ਹੀ ਵੀਰਵਾਰ 15 ਅਪ੍ਰੈਲ ਤੋਂ ਐਨ 3 ਵਿਚ ਪ੍ਰਭਾਵਿਤ ਖਾਸ ਡਾਕ ਕੋਡ ਵਾਲੇ ਇਲਾਕਿਆਂ ਵਿਚ ਜਾਂ ਸਥਾਨਕ ਸੜਕ ਉੱਤੇ ਖਰੀਦਦਾਰੀ ਕਰਨ ਵਾਲੇ ਲੋਕਾਂ ਵਿਚ ਵਾਇਰਸ ਦੇ ਇਸ ਰੂਪ ਦੀ ਜਾਂਚ ਸ਼ੁਰੂ ਹੋਵੇਗੀ।