World

ਲੰਡਨ ‘ਚ ਪੰਜਾਬੀ ਦੀ ਸੜਕ ਹਾਦਸੇ ‘ਚ ਮੌਤ

ਲੰਡਨ — ਲੰਡਨ ਵਿਚ ਜਲੰਧਰ ਦੇ ਰਹਿਣ ਵਾਲੇ ਪੰਜਾਬੀ ਵਿਅਕਤੀ ਦੀ ਸੜਕ ਹਾਦਸੇ ‘ਚ ਮੌਤ ਹੋ ਗਈ। 41 ਸਾਲਾ ਤਰਲੋਕ ਸਿੰਘ ਦੀ ਬੀਤੀ 27 ਸਤੰਬਰ ਦੀ ਸਵੇਰ ਨੂੰ ਸੜਕ ਹਾਦਸੇ ‘ਚ ਮੌਤ ਹੋ ਗਈ। ਇਹ ਹਾਦਸਾ ਐੱਮ-6 ਦੇ ਜੰਕਸ਼ਨ 15 ਅਤੇ ਕੀਲ ਸਰਵਿਸੇਜ਼ ਨੇੜੇ ਵਾਪਰਿਆ ਸੀ। ਦਰਅਸਲ ਤਰਲੋਕ ਸਿੰਘ ਦੀ ਕਾਰ ਨੂੰ ਇਕ ਵੱਡੇ ਟਰੱਕ ਨੇ ਟੱਕਰ ਮਾਰ ਦਿੱਤੀ ਸੀ, ਟੱਕਰ ਇੰਨੀ ਭਿਆਨਕ ਸੀ ਕਿ ਉਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਦੱਸਣਯੋਗ ਹੈ ਕਿ ਤਰਲੋਕ ਸਿੰਘ ਦਾ ਜਨਮ ਪੰਜਾਬ ਦੇ ਜ਼ਿਲੇ ਜਲੰਧਰ ‘ਚ 18 ਜੁਲਾਈ 1977 ਨੂੰ ਹੋਇਆ ਸੀ। ਸਾਲ 2000 ‘ਚ ਉਨ੍ਹਾਂ ਦੀ ਮਨਜੀਤ ਕੌਰ ਨਾਲ ਮੁਲਾਕਾਤ ਹੋਈ ਸੀ, ਜਦੋਂ ਉਹ ਭਾਰਤ ‘ਚ ਛੁੱਟੀਆਂ ਮਨਾਉਣ ਗਏ ਸਨ। ਇਸੇ ਸਾਲ ਉਨ੍ਹਾਂ ਦਾ ਵਿਆਹ ਹੋਇਆ ਸੀ। ਵਿਆਹ ਮਗਰੋਂ ਉਹ ਭਾਰਤ ਛੱਡ ਕੇ ਲੰਡਨ ਜਾ ਵੱਸੇ ਸਨ। ਤਰਲੋਕ ਸਿੰਘ ਆਪਣੇ ਪਿੱਛੇ ਪਤਨੀ ਮਨਜੀਤ ਕੌਰ, 3 ਬੱਚੇ ਅਤੇ ਭਾਰਤ ‘ਚ ਰਹਿੰਦੇ ਮਾਪੇ ਛੱਡ ਗਏ ਹਨ। ਇੱਥੇ ਦੱਸ ਦੇਈਏ ਕਿ ਉਹ ਬਹੁਤ ਹੀ ਮਿਹਨਤੀ ਇਨਸਾਨ ਸਨ, ਜੋ ਕਿ ਪਿਛਲੇ 10 ਸਾਲਾਂ ਤੋਂ ਵੈਸਟ ਮਿਡਲੈਂਡਸ ‘ਚ ਇਕ ਕੰਪਨੀ ਵਿਚ ਕੰਮ ਕਰ ਰਹੇ ਸਨ। ਓਧਰ ਲੰਡਨ ‘ਚ ਰਹਿੰਦਾ ਪੰਜਾਬੀ ਭਾਈਚਾਰਾ ਤਰਲੋਕ ਸਿੰਘ ਦੇ ਪਰਿਵਾਰ ਦੀ ਮਦਦ ਲਈ ਅੱਗੇ ਆਇਆ ਹੈ, ਉਨ੍ਹਾਂ ਨੇ ਮਦਦ ਲਈ ਫੰਡ ਇਕੱਠਾ ਕੀਤਾ ਹੈ।