World

ਲੰਦਨ ‘ਚ ਤਿੰਨ ਪੰਜਾਬੀ ਨੌਜਵਾਨਾਂ ਦਾ ਕਤਲ

ਲੰਦਨ-ਲੰਦਨ ਦੇ ਪੂਰਬੀ ਹਿੱਸੇ ‘ਚ ਸਿੱਖਾਂ ਦੇ ਦੋ ਗੁੱਟਾਂ ਵਿਚਕਾਰ ਹੋਈ ਝੜਪ ਕਾਰਨ ਤਿੰਨ ਪੰਜਾਬੀ ਨੌਜਵਾਨਾਂ ਦੀ ਮੌਤ ਹੋ ਗਈ। ਇਸ ਮਾਮਲੇ ‘ਚ ਪੁਲਿਸ ਨੇ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਘਟਨਾ ਐਤਵਾਰ ਨੂੰ ਸੈਵਨ ਕਿੰਗਜ਼ ਰੇਲਵੇ ਸਟੇਸ਼ਨ ਨੇੜੇ ਦੇਰ ਸ਼ਾਮ 7 ਸੱਤ ਵਜੇ ਵਾਪਰੀ, ਜਿੱਥੇ ਤੇਜ਼ਧਾਰ ਹਥਿਆਰਾਂ ਨਾਲ ਤਿੰਨ ਅਣਪਛਾਤੇ ਨੌਜਵਾਨ ਬੁਰੀ ਤਰ੍ਹਾਂ ਜ਼ਖ਼ਮੀ ਪਾਏ ਗਏ ਸਨ। ਨੇੜਲੇ ਹਸਪਤਾਲ ਲਿਜਾਣ ‘ਤੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

ਸੋਸ਼ਲ ਮੀਡੀਆ ‘ਚ ਆਈ ਘਟਨਾ ਦੇ ਫੁਟੇਜ ‘ਚ ਨਜ਼ਰ ਆਇਆ ਕਿ ਸਟੇਸ਼ਨ ਨੇੜਲੀਆਂ ਪੌੜੀਆਂ ‘ਤੇ ਨੌਜਵਾਨਾਂ ‘ਤੇ ਹਮਲਾ ਹੋਇਆ ਅਤੇ ਉਹ ਖ਼ੂਨ ਨਾਲ ਲਥਪਥ ਹੋ ਗਏ। ਮੌਕੇ ‘ਤੇ ਪੁੱਜੇ ਟੈਕਸੀ ਫਰਮ ਦੇ ਮਾਲਕ ਨੇ ਪੁਲਿਸ ਨੂੰ ਘਟਨਾ ਦੀ ਸੂਚਨਾ ਦਿੱਤੀ। ਪੁਲਿਸ ਮ੍ਰਿਤਕ ਨੌਜਵਾਨਾਂ ਦੀ ਪਛਾਣ ਦੇ ਆਧਾਰ ‘ਤੇ ਉਨ੍ਹਾਂ ਦਾ ਪਰਿਵਾਰ ਵਾਲਿਆਂ ਦੀ ਭਾਲ ਕਰ ਰਹੀ ਹੈ ਜਿਸ ਨਾਲ ਉਨ੍ਹਾਂ ਨੂੰ ਘਟਨਾ ਬਾਰੇ ਸੂਚਿਤ ਕੀਤਾ ਜਾ ਸਕੇ। ਇਸ ਸਨਸਨੀਖੇਜ਼ ਵਾਰਦਾਤ ਨੂੰ ਬਰਤਾਨਵੀ ਸੋਸ਼ਲ ਮੀਡੀਆ ‘ਤੇ ਜ਼ੋਰ-ਸ਼ੋਰ ਨਾਲ ਚਰਚਾ ਚੱਲ ਰਹੀ ਹੈ। ਲੋਕ ਇਸ ‘ਤੇ ਆਪਣੇ ਕੁਮੈਂਟ ਕਰ ਰਹੇ ਹਨ।

ਖ਼ਬਰਾਂ ਮੁਤਾਬਕ ਇਸ ਮਾਮਲੇ ‘ਚ ਹੱਤਿਆ ਦੇ ਸ਼ੱਕ ਦੇ ਆਧਾਰ ‘ਤੇ 29 ਤੇ 39 ਸਾਲਾ ਦੋ ਸਿੱਖ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹ ਘਟਨਾ ਪੂਰਬੀ ਲੰਡਨ ਦੇ ਇਲਫੋਰਡ ਵਿੱਚ ਸੈਵਨ ਕਿੰਗਜ਼ ਰੇਲਵੇ ਸਟੇਸ਼ਨ ਦੇ ਨਜ਼ਦੀਕ ਵਾਪਰੀ। ਮ੍ਰਿਤਕਾਂ ਦੀ ਉਮਰ ਲਗਭਗ 20 ਤੋਂ 30 ਸਾਲ ਵਿਚਕਾਰ ਦੱਸੀ ਜਾ ਰਹੀ ਹੈ। ਮ੍ਰਿਤਕਾਂ ਦੇ ਨਾਮ ਬਲਜੀਤ ਸਿੰਘ, ਨਰਿੰਦਰ ਸਿੰਘ ਤੇ ਹਰਿੰਦਰ ਕੁਮਾਰ ਦੱਸੇ ਜਾ ਰਹੇ ਹਨ। ਕਤਲ ਦੌਰਾਨ ਤੇਜ਼ਧਾਰ ਹਥਿਆਰ ਦੇ ਨਾਲ-ਨਾਲ ਹਥੌੜੇ ਦੀ ਵਰਤੋਂ ਕੀਤੀ ਗਈ ਹੈ। ਕਤਲ ਦਾ ਕਾਰਨ ਪੈਸਿਆਂ ਦਾ ਲੈਣ-ਦੇਣ ਮੰਨਿਆ ਜਾ ਰਿਹਾ ਹੈ।

 ਸਟੇਸ਼ਨ ਦੇ ਨਜ਼ਦੀਕ ਇੱਕ ਟੈਕਸੀ ਕੰਪਨੀ ਨੇ ਮਾਲਿਕ ਦਾ ਕਹਿਣਾ ਹੈ ਕਿ ਇਕ ਨੌਜਵਾਨ ਆਪਣੇ ਘਰ ‘ਚੋਂ ਖ਼ੂਨ ਨਾਲ ਲਥਪਥ ਬਾਹਰ ਨਿਕਲਿਆ ਤੇ ਮਦਦ ਦੀ ਬੁਲਾਉਣ ਲੱਗਾ। ਜਾਂਚ ਏਜੰਸੀ ਨੇ ਇਸ ਕਤਲ ਕਾਂਡ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।