World

ਵਿਆਹ ‘ਚ ਮਿਲੇ ਕਰੀਬ 63 ਕਰੋੜ ਰੁਪਏ ਦੇ ਤੋਹਫੇ ਵਾਪਸ ਕਰਨਗੇ ਪ੍ਰਿੰਸ ਹੈਰੀ ਤੇ ਮੇਗਨ

ਲੰਡਨ— ਬ੍ਰਿਟੇਨ ਦੇ ਪ੍ਰਿੰਸ ਹੈਰੀ ਤੇ ਅਮਰੀਕੀ ਅਦਾਕਾਰਾ ਮੇਗਨ ਮਾਰਕਲ 19 ਮਈ ਨੂੰ ਇਕ ਦੂਜੇ ਦੇ ਹੋ ਗਏ। ਉਨ੍ਹਾਂ ਨੇ ਵਿਆਹ ‘ਚ ਸ਼ਾਮਲ ਹੋਏ ਮਹਿਮਾਨਾਂ ਤੋਂ ਤੋਹਫੇ ਨਹੀਂ ਲਿਆਉਣ ਦੀ ਅਪੀਲ ਕੀਤੀ ਸੀ। ਇਸ ਦੇ ਬਾਵਜੂਦ ਕੇਨਸਿੰਗਟਨ ਪੈਲੇਸ ‘ਚ ਕਈ ਮਸ਼ਹੂਰ ਹਸਤੀਆਂ ਤੇ ਕੰਪਨੀਆਂ ਵੱਲੋ ਭੇਜੇ ਗਏ ਮਹਿੰਗੇ ਤੋਹਫਿਆਂ ਦਾ ਢੇਰ ਲੱਗ ਗਿਆ ਹੈ। ਬ੍ਰਿਟਿਸ਼ ਨਿਊਜ਼ ਵੈੱਬਸਾਈਟ ਐਕਸਪ੍ਰੈਸ ਮੁਤਾਬਕ, ਹੁਣ ਡਿਊਕ ਆਫ ਸਸੇਕਸ ਤੇ ਡਚੇਸ ਆਫ ਸਸੇਕਸ ਜ਼ਿਆਦਾਤਰ ਤੋਹਫਿਆਂ ਨੂੰ ਵਾਪਸ ਕਰ ਰਹੇ ਹਨ। ਇਨ੍ਹਾਂ ਤੋਹਫਿਆਂ ਦੀ ਕੀਮਤ 70 ਲੱਖ ਪੌਂਡ (ਕਰੀਬ 63 ਕਰੋੜ ਰੁਪਏ) ਦੱਸੀ ਜਾ ਰਹੀ ਹੈ। ਇਨ੍ਹਾਂ ‘ਚ ਜ਼ਿਆਦਾਤਰ ਅਜਿਹੇ ਵੈਡਿੰਗ ਤੋਹਫੇ ਹਨ ਜਿਨ੍ਹਾਂ ਨੂੰ ਪ੍ਰਮੋਟ ਕਰਨ ਦੇ ਇਰਾਦੇ ਨਾਲ ਸ਼ਾਹੀ ਜੋੜੇ ਨੂੰ ਭੇਜਿਆ ਗਿਆ ਹੈ।
ਤੁਹਾਨੂੰ ਦੱਸ ਦਈਏ ਕਿ ਸ਼ਾਹੀ ਪਰਿਵਾਰ ‘ਚ ਤੋਹਫੇ ਸਵੀਕਾਰ ਕਰਨ ਲਈ ਸਖਤ ਨਿਯਮਾਂ ਦੀ ਪਾਲਣਾ ਕਰਨੀ ਪੈਂਦੀ ਹੈ। ਹੈਰੀ ਦੇ ਪਿਤਾ ਪ੍ਰਿੰਸ ਚਾਰਲਸ ਦੇ ਸ਼ਾਹੀ ਰਿਹਾਇਸ਼ ਕੇਨਸਿੰਗਟਨ ਪੈਲੇਸ ਮੁਤਾਬਕ, ਸ਼ਾਹੀ ਪਰਿਵਾਰ ਦਾ ਮੈਂਬਰ ਜਦੋਂ ਤੋਹਫਾ ਸਵੀਕਾਰ ਕਰਦਾ ਹੈ ਤਾਂ ਇਸ ਗੱਲ ਦੀ ਸਹਿਮਤੀ ਦੇਣੀ ਹੁੰਦੀ ਹੈ ਕਿ ਇਸ ਦਾ ਕੋਈ ਵਪਾਰਕ ਇਸਤੇਮਾਲ ਨਹੀਂ ਹੋਵੇਗਾ। ਸ਼ਾਹੀ ਪਰਿਵਾਰ ਦੇ ਮੈਂਬਰ ਨੂੰ ਬ੍ਰਿਟੇਨ ‘ਚ ਰਹਿਣ ਵਾਲੇ ਉਨ੍ਹਾਂ ਲੋਕਾਂ ਦੇ ਤੋਹਫੇ ਨਹੀਂ ਲੈਣੇ ਚਾਹੀਦੇ, ਜਿਨ੍ਹਾਂ ਨੂੰ ਉਹ ਨਿਜੀ ਤੌਰ ‘ਤੇ ਨਹੀਂ ਜਾਣਦੇ ਹਨ। ਸ਼ਾਹੀ ਪਰਿਵਾਰ ਸਿਰਫ 150 ਪੌਂਡ (ਕਰੀਬ 13,445 ਰੁਪਏ) ਤੋਂ ਘੱਟ ਕੀਮਤ ਵਾਲੇ ਤੋਹਫੇ ਹੀ ਸਵੀਕਾਰ ਕਰ ਸਕਦਾ ਹੈ।