Menu

ਵਿਦੇਸ਼ਾਂ ‘ਚ ਰਹਿ ਰਹੇ ਸਿੱਖਾਂ ਨੇ ਕੀਤੀ ਮੰਗ-ਸ੍ਰੀ ਹਰਿਮੰਦਰ ਸਾਹਿਬ ਨੂੰ ਮਿਲੇ Vatican ਵਰਗਾ ਦਰਜਾ

nobanner

ਨਵੀਂ ਦਿੱਲੀ — ਵਿਦੇਸ਼ਾਂ ‘ਚ ਰਹਿ ਰਹੇ ਸਿੱਖ 84 ਦੰਗਿਆਂ ਅਤੇ ਹੋਰ ਮੁੱਦਿਆਂ ਨੂੰ ਲੈ ਕੇ ਲਗਾਤਾਰ ਭਾਰਤ ਸਰਕਾਰ ਦੇ ਸੰਪਰਕ ‘ਚ ਹਨ ਅਤੇ ਗੱਲਬਾਤ ਕਰ ਰਹੇ ਹਨ। ਇਨ੍ਹਾਂ ਮੁੱਦਿਆਂ ‘ਚੋਂ ਮੁੱਖ ਮੁੱਦਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ‘ਚ ਸਾਲ 1984 ‘ਚ ਹੋਈ ਫੌਜੀ ਕਾਰਵਾਈ ਲਈ ਵਿਸ਼ਵ ਪੱਧਰ ‘ਤੇ ਮੁਆਫੀ ਮੰਗਣ, ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ੍ਰੀ ਹਰਿਮੰਦਰ ਸਾਹਿਬ ਨੂੰ ਵਿਸ਼ੇਸ਼ ਦਰਜਾ ਦਿੱਤੇ ਜਾਣ ਦੀ ਮੰਗ ਕਰਨਾ ਹੈ।

ਇਸ ਸਬੰਧ ‘ਚ ਇਕ ਸਿੱਖ ਨੇਤਾ ਨੇ ਕਿਹਾ ਹੈ ਕਿ ਯੂ.ਕੇ. ‘ਚ ਰਹਿ ਰਹੀਆਂ ਸਿੱਖ ਜਥੇਬੰਦੀਆਂ ਵਲੋਂ ਨਵੰਬਰ 2015 ‘ਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਲੰਡਨ ਦੌਰੇ ਦੌਰਾਨ ਉਨ੍ਹਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਅੱਗੇ ਆਪਰੇਸ਼ਨ ਬਲੂ ਸਟਾਰ ਦੌਰਾਨ ਬਲੈਕਲਿਸਟ ਕੀਤੇ ਗਏ ਸਿੱਖਾਂ ਦੀ ਬਹਾਲੀ ਦੇ ਨਾਲ-ਨਾਲ ਭਾਰਤ ਦੀਆਂ ਜੇਲਾਂ ‘ਚ ਬੰਦ ਸਿੱਖ ਕੈਦੀਆਂ ਦੀ ਰਿਹਾਈ ਅਤੇ ਹਰਿਮੰਦਰ ਸਾਹਿਬ ‘ਚ ਫੌਜ ਵਲੋਂ ਕੀਤੀ ਗਈ ਕਾਰਵਾਈ ਕਾਰਨ ਹੋਏ ਸਿੱਖ ਕਤਲੇਆਮ ਲਈ ਵਿਸ਼ਵ ਪੱਧਰ ‘ਤੇ ਮੁਆਫੀ ਮੰਗਣ ਦੇ ਮੁੱਦੇ ਰੱਖੇ ਗਏ ਸਨ। ਇਸ ਦੇ ਨਾਲ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ੍ਰੀ ਦਰਬਾਰ ਸਾਹਿਬ ਦੀ ਸਰਵਉੱਚਤਾ ਨੂੰ ਸਵੀਕਾਰ ਕਰਦੇ ਹੋਏ ਵੇਟੀਕਨ ਦੀ ਤਰ੍ਹਾਂ ਇਕ ਵਿਸ਼ੇਸ਼ ਦਰਜਾ ਦਿੱਤੇ ਜਾਣ ਦੀ ਮੰਗ ਕੀਤੀ ਗਈ ਹੈ।

ਇਸ ‘ਤੇ ਸਰਕਾਰ ਨੇ ਉਨ੍ਹਾਂ ਨੂੰ ਦੱਸਿਆ ਕਿ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ 1984 ‘ਚ ਸਿੱਖ ਵਿਰੋਧੀ ਦੰਗਿਆਂ ਲਈ ਸਾਲ 2011 ਵਿਚ ਸੰਸਦ ‘ਚ ਮੁਆਫੀ ਮੰਗੀ ਸੀ। ਸਿੱਖ ਨੇਤਾਵਾਂ ਨੇ ਇਸ ਨੂੰ ਇਹ ਕਹਿੰਦੇ ਹੋਏ ਨਾਕਾਰ ਦਿੱਤਾ ਸੀ ਕਿ ਇਹ ਮੁਆਫੀ ਸਿਰਫ ਭਾਰਤੀ ਸਿੱਖਾਂ ਕੋਲੋਂ ਮੰਗੀ ਗਈ ਸੀ। ਸਰਕਾਰ ਨੂੰ ਵਿਸ਼ਵ ਪੱਧਰ ‘ਤੇ ਸਿੱਖਾਂ ਤੋਂ ਮੁਆਫੀ ਮੰਗਣੀ ਚਾਹੀਦੀ ਹੈ। ਇਕ ਰਿਪੋਰਟ ਅਨੁਸਾਰ ਭਾਜਪਾ ਜਨਰਲ ਸਕੱਤਰ ਰਾਮ ਮਾਧਵ ਅਤੇ ਸਿੱਖ ਜਥੇਬੰਦੀਆਂ ਵਿਚਕਾਰ ਨਵੰਬਰ 2016 ਵਿਚ ਟੋਰਾਂਟੋ ‘ਚ ਇਸ ਮੁੱਦੇ ਨੂੰ ਲੈ ਕੇ ਇਕ ਮਹੱਤਵਪੂਰਣ ਬੈਠਕ ਵੀ ਹੋਈ ਸੀ। ਕੁਝ ਕਨੇਡੀਅਨ ਅਧਿਕਾਰੀਆਂ ਵਲੋਂ ਰੁਕਾਵਟਾਂ ਦੇ ਬਾਵਜੂਦ ਸਿੱਖ ਜਥੇਬੰਦੀਆਂ ਅਤੇ ਸਰਕਾਰ ਵਿਚਕਾਰ ਨਿਯਮਤ ਸੰਪਰਕ ਜਾਰੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਸਰਕਾਰ ਉਨ੍ਹਾਂ ਦੀਆਂ ਇਹ ਮੰਗਾਂ ਨੂੰ ਮੰਨਦੀ ਹੈ ਜਾਂ ਨਾਕਾਰਦੀ ਹੈ।