India News

ਵਿਦੇਸ਼ ਜਾਣ ਲਈ ਭੈਣ ਨੇ ਸਕੇ ਭਰਾ ਨਾਲ ਕਰਾਇਆ ਵਿਆਹ

ਚੰਡੀਗੜ੍ਹ: ਸੂਬੇ ਵਿੱਚ ਰਿਸ਼ਤਿਆਂ ਨੂੰ ਤਾਰ-ਤਾਰ ਕਰਨ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ। ਆਸਟ੍ਰੇਲੀਆ ਵਿੱਚ ਸ਼ਿਫਟ ਹੋਣ ਲਈ ਇੱਕ ਲੜਕੀ ਨੇ ਆਪਣੇ ਸਕੇ ਭਰਾ ਨਾਲ ਵਿਆਹ ਕਰਵਾ ਲਿਆ। ਵਿਆਹ ਕਰਾਉਣ ਬਾਅਦ ਉਸ ਨੇ ਫਰਜ਼ੀ ਪਾਸਪੋਰਟ ਬਣਵਾਇਆ ਤੇ ਆਸਟ੍ਰੇਲੀਆ ਚਲੀ ਗਈ।

ਇਸ ਪਿੱਛੋਂ ਲੜਕੀ ਦੀ ਜਾਣ-ਪਛਾਣ ਦੀ ਇੱਕ ਮਹਿਲਾ ਨੇ ਪੁਲਿਸ ਨੂੰ ਇਸ ਬਾਰੇ ਸ਼ਿਕਾਇਤ ਕਰ ਦਿੱਤੀ। ਇਸ ਦੇ ਬਾਅਦ ਪੁਲਿਸ ਦੀ ਜਾਂਚ ਪਿੱਛੋਂ ਮਾਮਲੇ ਦੀ ਖ਼ੁਲਾਸਾ ਹੋਇਆ। ਇਸ ਸਾਜ਼ਿਸ਼ ਵਿੱਚ ਭੈਣ-ਭਰਾ ਦੇ ਘਰ ਵਾਲੇ ਵੀ ਸ਼ਾਮਲ ਸਨ। ਜਾਣਕਾਰੀ ਮੁਤਾਬਕ ਲੜਕੀ ਦੇ ਵੀਜ਼ੇ ਵਿੱਚ ਦਿੱਕਤ ਆ ਰਹੀ ਸੀ। ਇਸੇ ਲਈ ਉਸ ਨੇ ਆਪਣੇ ਸਕੇ ਭਰਾ ਨਾਲ ਹੀ ਵਿਆਹ ਕਰਵਾ ਲਿਆ।

ਜਾਅਲੀ ਕਾਗਜ਼ਾਤ ਜ਼ਰੀਏ ਲੜਕੀ ਆਪਣੇ ਭਰਾ ਨਾਲ ਵਿਆਹ ਕਰਵਾ ਕੇ ਆਸਟ੍ਰੇਲੀਆ ਚਲੀ ਗਈ। ਉਸ ਦਾ ਭਰਾ ਆਸਟ੍ਰੇਲੀਆ ਵਿੱਚ ਨੌਕਰੀ ਕਰਦਾ ਹੈ। ਪੁਲਿਸ ਮੁਤਾਬਕ ਇਹ ਧੋਖਾਧੜੀ ਦਾ ਸੰਗੀਨ ਮਾਮਲਾ ਹੈ। ਪੂਰੇ ਪਰਿਵਾਰ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਮਾਮਲੇ ਦੀ ਤਹਿ ਤਕ ਜਾਂਚ ਕਰ ਰਹੀ ਹੈ।

ਮਾਮਲੇ ਦੀ ਜਾਂਚ ਕਰਕੇ ਥਾਣੇਦਾਰ ਜੈ ਸਿੰਘ ਨੇ ਦੱਸਿਆ ਕਿ ਲੜਕੀ ਦਾ ਭਰਾ ਆਸਟ੍ਰੇਲੀਆ ਵਿੱਚ ਸਥਾਈ ਨਾਗਰਿਕ ਹੈ। ਲੜਕੀ ਨੇ ਆਸਟ੍ਰੇਲੀਆ ਜਾਣ ਲਈ ਜਾਅਲੀ ਦਸਤਾਵੇਜ਼ ਬਣਵਾਏ ਸੀ। ਵਿਆਹ ਦੀ ਸਰਟੀਫਿਕੇਟ ਗੁਰਦੁਆਰਾ ਸਾਹਿਬ ਤੋਂ ਬਣਵਾਇਆ ਅਤੇ ਉਸ ਨੂੰ ਰਜਿਸਟਰ ਕਰਵਾ ਲਿਆ।

ਪੁਲਿਸ ਅਧਿਕਾਰੀ ਮੁਤਾਬਕ ਦੋਵਾਂ ਭੈਣ-ਭਰਾਵਾਂ ਨੇ ਸਮਾਜਿਕ, ਕਾਨੂੰਨੀ ਤੇ ਧਾਰਮਕ ਵਿਵਸਥਾ ਨੂੰ ਧੋਖਾ ਦਿੱਤਾ ਹੈ। ਫਿਲਹਾਲ ਦੋਵੇਂ ਜਣੇ ਫਰਾਰ ਹਨ। ਪੁਲਿਸ ਉਨ੍ਹਾਂ ਦੀ ਭਾਲ ਲਈ ਛਾਪੇਮਾਰੀ ਕਰ ਰਹੀ ਹੈ। ਹਾਲੇ ਤਕ ਮਾਮਲੇ ਵਿੱਚ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ।