World

ਸ਼ਾਹੀ ਜੋੜਾ ਪ੍ਰਿੰਸ ਹੈਰੀ ਤੇ ਮੇਗਨ ਮਾਰਕਲ ਪਹੁੰਚੇ ਨਿਊਜ਼ੀਲੈਂਡ

ਵੈਲਿੰਗਟਨ — ਬ੍ਰਿਟਿਸ਼ ਸ਼ਾਹੀ ਜੋੜਾ ਪ੍ਰਿੰਸ ਹੈਰੀ ਤੇ ਮੇਗਨ ਮਾਰਕਲ ਆਪਣੀ 16 ਦਿਨੀਂ ਦੱਖਣੀ ਪ੍ਰਸ਼ਾਂਤ ਯਾਤਰਾ ਦੀ ਲੜੀ ਵਿਚ ਹੁਣ ਨਿਊਜ਼ੀਲੈਂਡ ਪਹੁੰਚ ਗਿਆ ਹੈ। ਇੱਥੇ ਐਤਵਾਰ ਨੂੰ ਰਵਾਇਤੀ ਮਾਓਰੀ ਰੀਤੀ-ਰਿਵਾਜ ਮੁਤਾਬਕ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਸ਼ਾਹੀ ਜੋੜਾ ਨਿਊਜ਼ੀਲੈਂਡ ਵਿਚ ਚਾਰ ਦਿਨ ਰਹੇਗਾ ਅਤੇ ਇਸ ਦੌਰਾਨ ਉਹ ਪ੍ਰਧਾਨ ਮੰਤਰੀ ਜੇਸਿੰਡਾ ਅਰਡਰਨ ਨਾਲ ਮੁਲਾਕਾਤ ਕਰਨ ਦੇ ਇਲਾਵਾ ਨੈਸ਼ਨਲ ਪਾਰਕ ਵਿਚ ਸੈਰ ਲਈ ਜਾਵੇਗਾ। ਇਸ ਦੇ ਇਲਾਵਾ ਸਿਨੇਮਾ ਉਦਯੋਗ ਦੀਆਂ ਬਰੀਕਿਆਂ ਸਿੱਖ ਰਹੇ ਨੌਜਵਾਨਾਂ ਨਾਲ ਮੁਲਾਕਾਤ ਕਰੇਗਾ। ਉਨ੍ਹਾਂ ਦਾ ਇੱਥੋਂ ਦੇ ਰਾਸ਼ਟਰੀ ਪੰਛੀ ਕਿਵੀ ਪ੍ਰਜਣਨ ਕੇਂਦਰ ਦਾ ਦੌਰਾ ਕਰਨ ਦਾ ਵੀ ਪ੍ਰੋਗਰਾਮ ਹੈ। ਗੌਰਤਲਬ ਹੈ ਕਿ ਮਾਓਰੀ ਨਿਊਜ਼ੀਲੈਂਡ ਦੇ ਮੂਲ ਆਦਿਵਾਸੀ ਲੋਕ ਹਨ। ਸਸੈਕਸ ਦੇ ਡਿਊਕ ਪ੍ਰਿੰਸ ਹੈਰੀ ਅਤੇ ਡਚੇਸ ਮੇਗਨ ਮਾਰਕਲ ਨੇ ਮਾਓਰੀ ਰੀਤੀ-ਰਿਵਾਜ ‘ਹੋਂਗੀ’ ਵਿਚ ਹਿੱਸਾ ਲਿਆ। ਇਸ ਰਸਮ ਵਿਚ ਇਕ-ਦੂਜੇ ਦੀ ਨੱਕ ਦਬਾ ਕੇ ਸਾਹ ਭਰਿਆ ਜਾਂਦਾ ਹੈ। ਉਨ੍ਹਾਂ ਦੇ ਸਵਾਗਤ ਵਿਚ ਮਾਓਰੀ ਭਾਈਚਾਰੇ ਦਾ ਰਵਾਇਤੀ ਨਾਚ ‘ਹਾਕਾ’ ਵੀ ਪੇਸ਼ ਕੀਤਾ ਗਿਆ। ਬ੍ਰਿਟਿਸ਼ ਸ਼ਾਹੀ ਪਰਿਵਾਰ ਦੇ ਇਸ ਜੋੜੇ ਦੀ ਸੈਰ-ਸਪਾਟਾ ਸੂਚੀ ਵਿਚ ਆਸਟ੍ਰੇਲੀਆ, ਫਿਜੀ ਅਤੇ ਟੋਂਗਾ ਵੀ ਸ਼ਾਮਲ ਹੈ।