Punjab News

ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਪਾਕਿਸਤਾਨ ਨਹੀਂ ਜਾ ਸਕੇਗਾ ਸਿੱਖ ਸ਼ਰਧਾਲੂਆਂ ਦਾ ਜਥਾ

ਅੰਮ੍ਰਿਤਸਰ  : ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਲਾਹੌਰ ਵਿਖੇ ਜਾਣ ਵਾਲੇ ਸਿੱਖ ਸ਼ਰਧਾਲੂਆਂ ਦੇ ਜਥੇ ਨੂੰ ਕੋਰੋਨਾ ਲਾਗ ਦੀ ਬੀਮਾਰੀ ਕਾਰਨ ਇਜਾਜ਼ਤ ਨਹੀਂ ਮਿਲੀ। ਪਾਕਿਸਤਾਨ ਸਰਕਾਰ ਨੇ ਕੋਰੋਨਾ ਲਾਗ ਦੀ ਬੀਮਾਰੀ ਕਾਰਨ ਸਿੱਖ ਜਥੇ ਦੇ ਪਾਕਿਸਤਾਨ ਦਾਖਲੇ ਨੂੰ ਮਨਜ਼ੂਰੀ ਨਹੀਂ ਦਿੱਤੀ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਮੀਡੀਆ ਕੁਲਵਿੰਦਰ ਸਿੰਘ ਰਮਦਾਸ ਨੇ ਦੱਸਿਆ ਕਿ ਯਾਤਰਾ ਵਿਭਾਗ ਸ਼੍ਰੋਮਣੀ ਕਮੇਟੀ ਦੀ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਤਵੰਤ ਸਿੰਘ ਨਾਲ ਟੈਲੀਫੋਨ ’ਤੇ ਗੱਲਬਾਤ ਹੋਈ ਹੈ, ਜਿਸ ਅਨੁਸਾਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਪਾਕਿਸਤਾਨ ਜਾਣ ਵਾਲੇ ਜਥੇ ਨੂੰ ਪਾਕਿਸਤਾਨ ਸਰਕਾਰ ਵੱਲੋਂ ਕੋਰੋਨਾ ਕਾਰਨ ਆਗਿਆ ਨਹੀਂ ਦਿੱਤੀ ਗਈ। 

 

 

ਜ਼ਿਕਰਯੋਗ ਹੈ ਕਿ ਇਹ ਜਥਾ 21 ਜੂਨ ਨੂੰ ਪਾਕਿਸਤਾਨ ਜਾਣਾ ਸੀ, ਜਿਸ ਨੇ 29 ਜੂਨ ਨੂੰ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਉਪਰੰਤ 30 ਜੂਨ ਨੂੰ ਵਾਪਸ ਭਾਰਤ ਪਰਤਣਾ ਸੀ। ਉਨ੍ਹਾਂ ਕਿਹਾ ਕਿ ਜਿਨ੍ਹਾਂ ਸ਼ਰਧਾਲੂਆਂ ਨੇ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਪਾਕਿਸਤਾਨ ਜਾਣ ਲਈ ਆਪਣੇ ਪਾਸਪੋਰਟ ਸ਼੍ਰੋਮਣੀ ਕਮੇਟੀ ਪਾਸ ਜਮ੍ਹਾਂ ਕਰਵਾਏ ਸਨ, ਉਹ ਸ਼੍ਰੋਮਣੀ ਕਮੇਟੀ ਦੇ ਯਾਤਰਾ ਵਿਭਾਗ ਤੋਂ ਵਾਪਸ ਲੈ ਸਕਦੇ ਹਨ।

 

ਗੌਰਤਬਲ ਹੈ ਕਿ ਬੀਤੇ ਸਮੇਂ ਇਸ ਤੋਂ ਪਹਿਲਾਂ ਵੀ ਕਈ ਇਤਿਹਾਸਕ ਸਮਾਗਮਾਂ ਮੌਕੇ ਸਿੱਖ ਸ਼ਰਧਾਲੂਆਂ ਦਾ ਜਥਾ ਪਾਕਿ ਨਹੀਂ ਜਾ ਸਕਿਆ ਸੀ ਜਿਸ ਦੀ ਵਜ੍ਹਾ ਕੋਰੋਨਾ ਨੂੰ ਦੱਸਿਆ ਗਿਆ ਸੀ।ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ਼ਰਧਾਲੂਆਂ ਵੱਲੋਂ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਦੀਆਂ ਬੇਨਤੀਆਂ ਵੀ ਬੇਅਸਰ ਰਹੀਆਂ ਤੇ ਕੋਰੋਨਾ ਦੇ ਮੱਦੇਨਜ਼ਰ ਭਾਰਤ ਸਰਕਾਰ ਵੱਲੋਂ ਇਹ ਲਾਂਘਾ ਖੋਲ੍ਹਣ ਦੀ ਇਜਾਜ਼ਤ ਨਹੀਂ ਦਿੱਤੀ ਗਈ।