Menu

ਸਰਜੀਕਲ ਸਟ੍ਰਾਈਕ ਨੂੰ ਲੈ ਕੇ ਭਾਜਪਾ ਤੇ ਕਾਂਗਰਸ ‘ਚ ਤਿੱਖੀ ਸ਼ਬਦੀ ਜੰਗ

ਨਵੀਂ ਦਿੱਲੀ— ਐੱਲ. ਓ. ਸੀ. ਦੇ ਪਾਰ ਪੀ. ਓ. ਕੇ. ਵਿਖੇ ਸਰਜੀਕਲ ਸਟ੍ਰਾਈਕ ਦੇ ਮੁੱਦੇ ‘ਤੇ ਰਾਹੁਲ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਜਵਾਨਾਂ ਦੇ ਖੂਨ ਦੀ ਦਲਾਲੀ ਕਰਨ ਦਾ ਦੋਸ਼ ਲਾਏ ਜਾਣ ਪਿੱਛੋਂ ਭਾਜਪਾ ਅਤੇ ਕਾਂਗਰਸ ਦਰਮਿਆਨ ਸ਼ੁੱਕਰਵਾਰ ਤਿੱਖੀ ਸ਼ਬਦੀ ਜੰਗ ਹੋਈ। ਭਾਜਪਾ ਨੇ ਕਿਹਾ ਹੈ ਕਿ ਰਾਹੁਲ ਨੇ ਆਪਣੀਆਂ ਸਭ ਹੱਦਾਂ ਪਾਰ ਕਰ ਦਿੱਤੀਆਂ ਹਨ। ਕਾਂਗਰਸ ਅਤੇ ਉਸ ਦੇ ਉਪ ਪ੍ਰਧਾਨ ਦੇ ਮਨ ਵਿਚ ਖੋਟ ਹੈ। ਦੂਜੇ ਪਾਸੇ ਕਾਂਗਰਸ ਨੇ ਭਾਜਪਾ ਅਤੇ ਉਸ ਦੇ ਪ੍ਰਧਾਨ ਅਮਿਤ ਸ਼ਾਹ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ ਹੈ ਕਿ ਜੇਲ ਦੀ ਹਵਾ ਖਾਣ ਵਾਲੇ ਹੁਣ ਸਾਡੇ ਮਨ ਵਿਚ ਖੋਟ ਦੀ ਗੱਲ ਕਹਿ ਕੇ ਸਾਨੂੰ ਹੀ ਗਿਆਨ ਦੀਆਂ ਗੱਲਾਂ ਸਿਖਾਉਣ ਲੱਗ ਪਏ ਹਨ। ਨਾਲ ਹੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਖੂਨ ਦੀ ਦਲਾਲੀ ਵਾਲੀ ਟਿੱਪਣੀ ਕਰਨ ਲਈ ਰਾਹੁਲ ਦੀ ਆਲੋਚਨਾ ਕੀਤੀ ਹੈ।
ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਨੇ ਸਿਆਸੀ ਪਾਰਟੀਆਂ ਨੂੰ ਸਰਜੀਕਲ ਸਟ੍ਰਾਈਕ ਦੇ ਮੁੱਦੇ ਦਾ ਸਿਆਸੀਕਰਨ ਨਾ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਹਮਲਾ ਕਰਦਿਆਂ ਕਿਹਾ ਕਿ ਉਹ ਉਨ੍ਹਾਂ ਭਾਰਤ ਵਿਰੋਧੀ ਨੇਤਾਵਾਂ ਵਿਚ ਸ਼ਾਮਲ ਹਨ, ਜਿਨ੍ਹਾਂ ਨੇ ਫੌਜ ਦੀ ਕਾਰਵਾਈ ‘ਤੇ ਸਭ ਤੋਂ ਪਹਿਲਾਂ ਸਵਾਲ ਖੜ੍ਹਾ ਕੀਤਾ ਸੀ।
ਰਾਹੁਲ ਵਲੋਂ ਫੌਜੀ ਜਵਾਨਾਂ ਲਈ ਦਲਾਲੀ ਸ਼ਬਦ ਦੀ ਵਰਤੋ ਕਰਨ ਨੂੰ ਬੇਹੱਦ ਮੰਦਭਾਗਾ ਦੱਸਦੇ ਹੋਏ ਸ਼ਾਹ ਨੇ ਦੋਸ਼ ਲਾਇਆ ਕਿ ਇਹ ਕਾਂਗਰਸ ਦੀ ਮਾਨਸਿਕਤਾ ਨੂੰ ਦਰਸਾਉਂਦਾ ਹੈ ਕਿਉਂਕਿ ਇਹ ਸ਼ਬਦ ਵਿਰੋਧੀ ਪਾਰਟੀਆਂ ਦਾ ਪ੍ਰਾਏਵਾਚੀ ਹੈ। ਕਾਂਗਰਸ ਦੇ ਨੇਤਾ ਹਜ਼ਾਰਾਂ ਕਰੋੜਾਂ ਰੁਪਏ ਦੇ ਘਪਲਿਆਂ ਵਿਚ ਸ਼ਾਮਲ ਹਨ। ਰਾਹੁਲ ਦੇ ਮਨ ਵਿਚ ਖੋਟ ਹੈ। ਕਾਂਗਰਸ ਪਾਰਟੀ ਦੇਸ਼ ਦੇ ਲੋਕਾਂ ਵਿਚ ਪਾਈ ਜਾਂਦੀ ਖੁਸ਼ੀ ਦੀ ਭਾਵਨਾ ਦੀ ਬਜਾਏ ਪਾਕਿਸਤਾਨ ਵਿਚ ਛਾਈ ਹੋਈ ਨਿਰਾਸ਼ਾ ਨੂੰ ਪ੍ਰਗਟ ਕਰ ਰਹੀ ਹੈ।
ਭਾਜਪਾ ਦੇ ਆਗੂ ਰਵੀਸ਼ੰਕਰ ਪ੍ਰਸਾਦ ਨੇ ਰਾਹੁਲ ਦੇ ਬਿਆਨ ਨੂੰ ਦੇਸ਼ ਅਤੇ ਫੌਜ ਦਾ ਅਪਮਾਨ ਦੱਸਿਆ ਅਤੇ ਕਿਹਾ ਕਿ ਰਾਹੁਲ ਦੇ ਬਿਆਨ ਕਾਰਨ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ. ੈਐੱਸ. ਆਈ. ਖੁਸ਼ ਹੋਵੇਗੀ। ਕਾਂਗਰਸ ਵਿਚ ਰਾਹੁਲ ਭਗਤੀ ਦੇਸ਼ ਭਗਤੀ ‘ਤੇ ਭਾਰੀ ਪੈ ਗਈ ਹੈ। ਰਾਹੁਲ ਦੇਸ਼ ਵਿਰੋਧੀਆਂ ਨਾਲ ਖੜ੍ਹੇ ਹੋ ਗਏ ਹਨ। ਭਾਜਪਾ ਦੇ ਪ੍ਰਧਾਨ ਨੂੰ ਅਪਰਾਧੀ ਦੱਸਣ ਵਾਲੀ ਕਾਂਗਰਸ ਪਾਰਟੀ ਖੁਦ ਹੰਕਾਰ ਨਾਲ ਭਰੀ ਪਈ ਹੈ। ਕਪਿਲ ਸਿੱਬਲ ਨੇ ਜੋ ਬਿਆਨ ਦਿੱਤਾ ਹੈ, ਸਾਨੂੰ ਉਨ੍ਹਾਂ ਤੋਂ ਅਜਿਹੀ ਹੀ ਉਮੀਦ ਸੀ।
ਕਾਂਗਰਸ ਨੇ ਉਸ ਅਤੇ ਪਾਰਟੀ ਦੇ ਉਪ ਪ੍ਰਧਾਨ ਰਾਹੁਲ ਬਾਰੇ ਸਵਾਲ ਉਠਾਉਣ ਲਈ ਅਮਿਤ ਸ਼ਾਹ ਦੇ ਬਿਆਨ ‘ਤੇ ਤਿੱਖੀ ਪ੍ਰਤੀਕਿਰਿਆ ਪ੍ਰਗਟ ਕਰਦਿਆਂ ਕਿਹਾ ਕਿ ਅਸੀਂ ਸੋਚਿਆ ਤੱਕ ਨਹੀਂ ਸੀ ਕਿ ਸ਼ਾਹ ਇਸ ਤਰ੍ਹਾਂ ਦਾ ਹੇਠਲੇ ਦਰਜੇ ਦਾ ਬਿਆਨ ਦੇਣਗੇ। ਕਾਂਗਰਸ ਦੇ ਬੁਲਾਰੇ ਕਪਿਲ ਸਿੱਬਲ ਨੇ ਕਿਹਾ ਕਿ ਭਾਜਪਾ ਪ੍ਰਧਾਨ ਨੇ ਕਾਂਗਰਸ ਅਤੇ ਰਾਹੁਲ ਦੇ ਮਨ ਵਿਚ ਖੋਟ ਦੀ ਗੱਲ ਕਹਿ ਕੇ ਆਜ਼ਾਦੀ ਦੇ ਅੰਦੋਲਨ ਦੇ ਪ੍ਰਮੁੱਖ ਨੇਤਾ ਅਤੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ, ਇੰਦਰਾ ਗਾਂਧੀ, ਰਾਜੀਵ ਗਾਂਧੀ ਵੱਲ ਇਸ਼ਾਰਾ ਕੀਤਾ ਹੈ।
ਉਨ੍ਹਾਂ ਸ਼ਾਹ ਦਾ ਨਾਂ ਲਏ ਬਿਨਾਂ ਕਿਹਾ ਕਿ ਜਿਨ੍ਹਾਂ ਨੇ ਜੇਲ ਦੀ ਹਵਾ ਖਾਧੀ, ਜਿਨ੍ਹਾਂ ਵਿਰੁੱਧ ਕਤਲ ਦੇ ਮਾਮਲੇ ਦਰਜ ਹਨ, ਕੀ ਉਹ ਹੁਣ ਸਾਨੂੰ ਦੱਸਣਗੇ ਕਿ ਕਿਸ ਦੇ ਮਨ ਵਿਚ ਖੋਟ ਹੈ। ਸਿੱਬਲ ਨੇ ਕਿਹਾ ਕਿ ਉਹ ਨਹੀਂ ਸੋਚਦੇ ਸਨ ਕਿ ਭਾਜਪਾ ਇੰਨੀ ਡਿੱਗ ਜਾਏਗੀ। ਸ਼ਾਹ ਦੀ ਬਿਆਨਬਾਜ਼ੀ ਲੋਕ ਰਾਜ ਮੁਤਾਬਕ ਨਹੀਂ ਹੈ।
ਕੇਜਰੀਵਾਲ ਨੇ ਸਰਜੀਕਲ ਸਟ੍ਰਾਈਕ ਬਾਰੇ ਰਾਹੁਲ ਦੀ ਦਲਾਲੀ ਵਾਲੀ ਟਿੱਪਣੀ ‘ਤੇ ਉਨ੍ਹਾਂ ਦੀ ਆਲੋਚਨਾ ਕੀਤੀ ਅਤੇ ਸਿਆਸੀ ਪਾਰਟੀਆਂ ਨੂੰ ਆਪਣੇ ਮਤਭੇਦਾਂ ਨੂੰ ਵੱਖ ਰੱਖਣ ਅਤੇ ਪ੍ਰਧਾਨ ਮੰਤਰੀ ਨਾਲ ਖੜ੍ਹੇ ਹੋਣ ਦੀ ਬੇਨਤੀ ਕੀਤੀ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦਾ ਸਿਹਰਾ ਫੌਜ ਦੇ ਜਵਾਨਾਂ ਨੂੰ ਦਿੱਤਾ ਜਾਣਾ ਚਾਹੀਦਾ ਹੈ ਅਤੇ ਇਸ ਬਾਰੇ ਕੋਈ ਸਿਆਸਤ ਨਹੀਂ ਕਰਨੀ ਚਾਹੀਦੀ।