Menu

ਸਰਹੱਦ ‘ਤੇ ਪਾਕਿ ਵਲੋਂ ਗੋਲੀਬਾਰੀ ਜਾਰੀ, 174 ਸਕੂਲਾਂ ਨੂੰ ਬੰਦ ਕਰਨ ਦੇ ਦਿੱਤੇ ਹੁਕਮ

ਜੰਮੂ— ਸਰਹੱਦ ‘ਤੇ ਭਾਰਤ ਦੀ ਸਖਤ ਕਾਰਵਾਈ ਦੇ ਬਾਵਜੂਦ ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ ਹੈ। ਪਾਕਿਸਤਾਨੀ ਫੌਜ ਐਲ.ਓ.ਸੀ. ਅਤੇ ਕੌਮਾਂਤਰੀ ਸਰਹੱਦ ‘ਤੇ ਲਗਾਤਾਰ ਜੰਗਬੰਦੀ ਦਾ ਉਲੰਘਣ ਕਰ ਰਹੀ ਹੈ ਅਤੇ ਸਰਹੱਦ ‘ਤੇ ਰਹਿੰਦੇ ਲੋਕਾਂ ‘ਚ ਡਰ ਪੈਦਾ ਕਰ ਰਹੀ ਹੈ। ਪਾਕਿਸਤਾਨੀ ਗੋਲੀਬਾਰੀ ਨੂੰ ਦੇਖਦੇ ਹੋਏ ਸਰਕਾਰ ਨੇ ਜੰਮੂ ਜ਼ਿਲੇ ‘ਚ ਸਰਹੱਦ ਨਾਲ ਲੱਗਦੇ 174 ਸਕੂਲਾਂ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਹਨ। ਮੰਗਲਵਾਰ ਨੂੰ ਰਿਹਾਇਸ਼ੀ ਇਲਾਕਿਆਂ ‘ਚ ਪਾਕਿ ਗੋਲੀਬਾਰੀ ਨੇ 9 ਲੋਕਾਂ ਦੀ ਜਾਨ ਲੈ ਲਈ ਜਦਕਿ 20 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ। ਪਾਕਿਸਤਾਨ ਦੀ ਇਸ ਕਾਇਰ ਹਰਕਤ ਦਾ ਭਾਰਤੀ ਸੁਰੱਖਿਆਂ ਫੋਰਸ ਨੇ ਵੀ ਕਰਾਰਾ ਜਵਾਬ ਦਿੱਤਾ। ਭਾਰਤ ਨੇ ਜਵਾਬੀ ਕਾਰਵਾਈ ਕਰਕੇ ਪਾਕਿਸਤਾਨ ਦੀਆਂ 14 ਚੌਕੀਆਂ ਤਬਾਹ ਕਰ ਦਿੱਤੀਆਂ, ਜਿਸ ‘ਚ 2 ਪਾਕਿਸਤਾਨੀ ਸੈਨਿਕ ਮਾਰੇ ਗਏ। ਸਰਹੱਦ ਪਾਰ ਤੋਂ ਲਗਾਤਾਰ ਵੱੱਧ ਰਹੀ ਗੋਲੀਬਾਰੀ ‘ਤੇ ਕੇਂਦਰ ਸਰਕਾਰ ਨੇ ਲਗਾਤਾਰ ਨਜ਼ਰ ਰੱਖੀ ਹੋਈ ਹੈ।
ਅੱਜ ਰੱਖਿਆ ਮੰਤਰੀ ਮਨੋਹਰ ਪਾਰਿਕਰ ਉੜੀ ਬ੍ਰਿਗੇਡ ਦਾ ਦੌਰਾ ਕਰਨਗੇ। ਉੜੀ ਅੱਤਵਾਦੀ ਹਮਲੇ ਅਤੇ ਸਰਜੀਕਲ ਸਟਰਾਈਕ ਤੋਂ ਬਾਅਦ ਉਹ ਪਹਿਲੀ ਵਾਰ ਇਲਾਕੇ ਦਾ ਦੌਰਾ ਕਰਨਗੇ। ਉਨ੍ਹਾਂ ਦੇ ਨਾਲ ਫੌਜ ਮੁਖੀ ਜਨਰਲ ਦਲਬੀਰ ਸਿੰਘ ਸੁਹਾਗ ਵੀ ਹੋਣਗੇ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਭਾਰਤ ਪਾਕਿ ਸਰਹੱਦ ‘ਤੇ ਸੁਰੱਖਿਆ ਦੀ ਸਮੀਖਿਆ ਕੀਤੀ। ਸਰਜੀਕਲ ਸਟਰਾਈਕ ਤੋਂ ਬਾਅਦ ਪਾਕਿਸਤਾਨ ਨੇ 60 ਤੋਂ ਜ਼ਿਆਦਾ ਵਾਰ ਜੰਗਬੰਦੀ ਦੀ ਉਲੰਘਣਾ ਕੀਤੀ ਹੈ। ਪਿਛਲੇ 10 ਦਿਨਾਂ ‘ਚ ਹੋਈ ਗੋਲੀਬਾਰੀ ‘ਚ ਫੌਜ ਅਤੇ ਬੀ.ਐਸ.ਐਫ. ਦੇ 8 ਜਵਾਨ ਸ਼ਹੀਦ ਹੋ ਗਏ ਪਰ ਇਸ ਤੋਂ ਬਾਵਜੂਦ ਪਾਕਿਸਤਾਨ ਭਾਰਤ ‘ਤੇ ਹੀ ਜੰਗਬੰਦੀ ਤੌੜਨ ਦਾ ਦੋਸ਼ ਲਗਾ ਰਿਹਾ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਮੰਗਲਵਾਰ ਨੂੰ ਚੌਥੀ ਵਾਰ ਇਸਲਾਮਾਬਾਦ ‘ਚ ਭਾਰਤ ਦੇ ਡਿਪਟੀ ਹਾਈ ਕਮਿਸ਼ਨਰ ਜੇ.ਪੀ. ਸਿੰਘ ਨੂੰ ਬੁਲਾ ਕੇ ਜੰਗਬੰਦੀ ਦੀ ਉਲੰਘਣਾ ਦਾ ਵਿਰੋਧ ਦਰਜ ਕਰਵਾਇਆ। ਇਸ ਲਈ ਇਹ ਸਵਾਲ ਹੈ ਕਿ ਦੋਹਾਂ ਦੇਸ਼ਾਂ ਦਰਮਿਆਨ 2003 ‘ਚ ਲਾਗੂ ਹੋਏ ਜੰਗਬੰਦੀ ਸਮਝੌਤੇ ਦਾ ਕੀ ਹੁਣ ਕੋਈ ਮਤਲਬ ਰਹਿ ਗਿਆ ਹੈ।