World

ਸਲਾਦ ਖਾਣ ਨਾਲ ਅਮਰੀਕਾ-ਕੈਨੇਡਾ ‘ਚ ਕਈ ਲੋਕ ਹੋਏ ਬੀਮਾਰ!

ਟੋਰਾਂਟੋ/ ਵਾਸ਼ਿੰਗਟਨ— ਅਮਰੀਕਾ-ਕੈਨੇਡਾ ‘ਚ ਰੋਮਨ ਲੈਟਸ ਨਾਂ ਦੇ ਸਲਾਦ ਨੂੰ ਖਾਣ ਨਾਲ 50 ਲੋਕ ਬੀਮਾਰ ਹੋ ਗਏ ਹਨ, ਜਿਨ੍ਹਾਂ ‘ਚੋਂ 13 ਹਸਪਤਾਲ ‘ਚ ਭਰਤੀ ਹਨ। ਮੰਗਲਵਾਰ ਨੂੰ ਦੋਹਾਂ ਦੇਸ਼ਾਂ ਨੇ ਲੋਕਾਂ ਨੂੰ ਸਲਾਹ ਦਿੱਤੀ ਕਿ ਉਹ ਇਸ ਨੂੰ ਨਾ ਖਾਣ। ਤੁਹਾਨੂੰ ਦੱਸ ਦਈਏ ਕਿ ਰੋਮਨ ਲੈਟਸ ਦੇ ਪੱਤਿਆਂ ਨੂੰ ਸਲਾਦ ਦੇ ਤੌਰ ‘ਤੇ ਖਾਧਾ ਜਾਂਦਾ ਹੈ। ਲਗਾਤਾਰ ਖਬਰਾਂ ਮਿਲ ਰਹੀਆਂ ਹਨ ਕਿ ਲੋਕ ਇਸ ਨੂੰ ਖਾਣ ਕਰਕੇ ਬੀਮਾਰ ਹੋ ਰਹੇ ਹਨ, ਇਸ ਲਈ ਸੈਂਟਰਸ ਫਾਰ ਡਾਈਜ਼ੀਜ਼ ਕੰਟਰੋਲ ਐਂਡ ਪ੍ਰੀਵੈਨਸ਼ਨ ਵਲੋਂ ਲੋਕਾਂ ਨੂੰ ਸੁਚੇਤ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਕਿਊਬਿਕ ‘ਚ 15 ਤੇ ਓਂਟਾਰੀਓ ਵਿੱਚ ਤਿੰਨ ਵਿਅਕਤੀ ਬਿਮਾਰ ਹੋ ਗਏ, ਜਿਨ੍ਹਾਂ ‘ਚੋਂ 6 ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਏਜੰਸੀ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਮਾਮਲੇ ਅਕਤੂਬਰ ਦੇ ਮੱਧ ਤੇ ਨਵੰਬਰ ਦੀ ਸ਼ੁਰੂਆਤ ‘ਚ ਸਾਹਮਣੇ ਆਏ। ਇਸ ਨਾਲ ਲੋਕਾਂ ਨੂੰ ਈ. ਕੋਲੀ ਇਨਫੈਕਸ਼ਨ ਹੋ ਗਿਆ ਹੈ, ਜਿਸ ਕਾਰਨ ਪੇਟ ਖਰਾਬ ਹੋਣ ਅਤੇ ਉਲਟੀਆਂ ਆਉਣ ਦੀ ਸਮੱਸਿਆ ਹੋ ਰਹੀ ਹੈ।
ਉਨ੍ਹਾਂ ਦੱਸਿਆ ਕਿ ਥੈਂਕਸਗਿਵਿੰਗ ਮਨਾ ਰਹੇ ਲੋਕ ਇਸ ਨੂੰ ਖਾਣਾ ਪਸੰਦ ਕਰਦੇ ਹਨ ਪਰ ਤਾਜ਼ਾ ਮਾਮਲੇ ਸਾਹਮਣੇ ਆਉਣ ਮਗਰੋਂ ਲੋਕ ਸੁਚੇਤ ਹੋ ਗਏ ਹਨ। ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇਕਰ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਵੀ ਸਮੱਸਿਆ ਆ ਰਹੀ ਹੈ ਤਾਂ ਉਹ ਡਾਕਟਰਾਂ ਨਾਲ ਗੱਲ ਜ਼ਰੂਰ ਕਰਨ। ਲੋਕਾਂ ਨੂੰ ਇਹ ਵੀ ਸਲਾਹ ਦਿੱਤੀ ਗਈ ਹੈ ਕਿ ਜੇਕਰ ਉਨ੍ਹਾਂ ਨੇ ਆਪਣੇ ਘਰਾਂ ਦੀਆਂ ਫਰਿੱਜਾਂ ‘ਚ ਲੈਟਸ ਰੱਖੇ ਹੋਏ ਹਨ ਤਾਂ ਉਹ ਇਸ ਨੂੰ ਬਾਹਰ ਸੁੱਟ ਦੇਣ ਅਤੇ ਜਿੱਥੇ ਵੀ ਇਹ ਰੱਖੇ ਹੋਏ ਸਨ, ਉੱਥੇ ਸਫਾਈ ਕਰ ਦਿੱਤੀ ਜਾਵੇ।
ਅਧਿਕਾਰੀਆਂ ਨੇ ਕਿਹਾ ਕਿ ਹਾਲਾਂਕਿ ਇਸ ਨਾਲ ਕਿਸੇ ਦੀ ਵੀ ਮੌਤ ਨਹੀਂ ਹੋਈ ਪਰ ਅਕਤੂਬਰ ਤੋਂ ਲਗਾਤਾਰ ਲੋਕਾਂ ਦੇ ਬੀਮਾਰ ਹੋਣ ਦੀਆਂ ਖਬਰਾਂ ਮਿਲ ਰਹੀਆਂ ਹਨ,ਜੋ ਚਿੰਤਾ ਦਾ ਵਿਸ਼ਾ ਹਨ।