World

ਸਾਊਦੀ ਡਾਕਟਰਾਂ ਨੂੰ ਘਰ ਪਰਤਣ ਲਈ ਸੰਮਨ ਜਾਰੀ, ਕੈਨੇਡਾ ‘ਚ ਸਿਹਤ ਸੇਵਾਵਾਂ ਪ੍ਰਭਾਵਿਤ

ਓਟਾਵਾ— ਕੈਨੇਡਾ ਤੇ ਸਾਊਦੀ ਅਰਬ ਵਿਚਾਲੇ ਚੱਲ ਰਹੇ ਵਿਵਾਦ ਕਾਰਨ ਦੋਵਾਂ ਮੁਲਕਾਂ ਦੇ ਸਬੰਧ ਪ੍ਰਭਾਵਿਤ ਹੋਏ ਹਨ, ਜਿਸ ‘ਚ ਮੈਡੀਕਲ ਕੇਅਰ ਸੇਵਾਵਾਂ ਵੀ ਇਸ ਤੋਂ ਅਣਛੋਹੀਆਂ ਨਹੀਂ ਰਹੀਆਂ। ਸਾਊਦੀ ਅਰਬ ਵਲੋਂ ਹੁਕਮ ਜਾਰੀ ਕੀਤਾ ਗਿਆ ਹੈ ਕਿ ਕੈਨੇਡਾ ‘ਚ ਰਹਿਣ ਵਾਲੇ ਡਾਕਟਰ ਤੇ ਟ੍ਰੇਨੀਜ਼ ਦੇਸ਼ ਪਰਤ ਆਉਣ। ਕੈਨੇਡਾ ਦੇ ਇਕ ਮੈਡੀਕਲ ਕਾਲਜ ਦਾ ਕਹਿਣਾ ਹੈ ਕਿ ਸਾਊਦੀ ਮੈਡੀਕਲ ਟ੍ਰੇੇਨੀਜ਼ ਨਾਲ ਕੈਨੇਡੀਅਨ ਕਦਰਾਂ-ਕੀਮਤਾਂ (ਵੈਲਿਊਜ਼) ਬਹੁਤ ਵਧੀਆ ਤਰੀਕੇ ਨਾਲ ਬਰਾਮਦ ਕੀਤੀਆਂ ਜਾ ਸਕਦੀਆਂ ਹਨ। ਸਾਊਦੀ ਅਰਬ ਦੇ ਇਸ ਫੁਰਮਾਨ ਕਾਰਨ ਕੈਨੇਡਾ ‘ਚ ਮਰੀਜ਼ਾਂ ਦੀ ਦੇਖਭਾਲ ‘ਤੇ ਬਹੁਤ ਹੀ ਮਾੜਾ ਅਸਰ ਪਵੇਗਾ।
ਕੈਨੇਡਾ ਦੇ ਰਾਇਲ ਕਾਲਜ ਆਫ ਫਿਜ਼ੀਸ਼ੀਅਨ ਐਂਡ ਸਰਜਨਸ ਨੇ ਕਿਹਾ ਕਿ ਇਸ ਵੇਲੇ ਇਕ ਹਜ਼ਾਰ ਤੋਂ ਜ਼ਿਆਦਾ ਸਾਊਦੀ ਵਿਦਿਆਰਥੀ ਕੈਨੇਡਾ ‘ਚ ਮੈਡੀਕਲ ਦੀ ਪੜ੍ਹਾਈ ਕਰ ਰਹੇ ਹਨ, ਜਿਨ੍ਹਾਂ ‘ਚੋਂ ਇਕ ਤਿਹਾਈ ਔਰਤਾਂ ਹਨ। ਕਾਲਜ ਨੇ ਕਿਹਾ ਕਿ ਕੈਨੇਡੀਅਨ ਸਰਕਾਰ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ ਕਿਉਂਕਿ ਅਜਿਹੇ ਕਿਸੇ ਵੀ ਫੈਸਲੇ ਨਾਲ ਕੈਨੇਡਾ ਵਾਸੀ ਗੰਭੀਰ ਰੂਪ ਨਾਲ ਪ੍ਰਭਾਵਿਤ ਹੋ ਸਕਦੇ ਹਨ। ਇਸ ਵੇਲੇ ਯੂਨੀਵਰਸਿਟੀ ਆਫ ਓਟਾਵਾ ‘ਚ ਸਾਊਦੀ ਅਰਬ ਦੇ 67 ਮੈਡੀਕਲ ਟ੍ਰੇਨੀਜ਼ ਹਨ, ਜੋ ਕਿ ਓਟਾਵਾ ਦੇ ਵੱਖ-ਵੱਖ ਹਸਪਤਾਲਾਂ ‘ਚ ਸੇਵਾਵਾਂ ਦੇ ਰਹੇ ਹਨ। ਕਾਲਜ ਮੁਤਾਬਕ 1978 ਤੋਂ ਹੁਣ ਤੱਕ 4,500 ਤੋਂ ਜ਼ਿਆਦਾ ਸਾਊਦੀ ਕੈਨੇਡਾ ‘ਚ ਐੱਡਵਾਂਸ ਮੈਡੀਕਲ ਟ੍ਰੇਨਿੰਗ ਹਾਸਲ ਕਰ ਚੁੱਕੇ ਹਨ। ਕਾਲਜ ਦਾ ਕਹਿਣਾ ਹੈ ਕਿ ਕੈਨੇਡਾ ‘ਚ ਫਿਜ਼ੀਸ਼ੀਅਨ ਟ੍ਰੇਨੀਜ਼ ਦੇ ਮਾਮਲੇ ‘ਚ ਸਾਊਦੀ ਤੀਜੇ ਨੰਬਰ ‘ਤੇ ਹੈ।
ਜ਼ਿਕਰਯੋਗ ਹੈ ਕਿ ਸਾਊਦੀ ਅਰਬ ਨੇ ਪਿਛਲੇ ਐਤਵਾਰ ਨੂੰ ਓਟਾਵਾ ਤੋਂ ਆਪਣੇ ਅੰਬੈਸਡਰ ਨੂੰ ਵਾਪਸ ਬੁਲਾ ਲਿਆ ਸੀ ਅਤੇ ਕੈਨੇਡੀਅਨ ਅੰਬੈਸਡਰ ਨੂੰ ਵਾਪਸ ਸਵਦੇਸ਼ ਭੇਜ ਦਿੱਤਾ ਸੀ। ਸਾਊਦੀ ਨੇ ਇਹ ਕਦਮ ਕੈਨੇਡਾ ਦੀ ਉਸ ਅਪੀਲ ਤੋਂ ਬਾਅਦ ਚੁੱਕਿਆ ਹੈ, ਜਿਸ ‘ਚ ਰਿਆਦ ‘ਚ ਸਿਵਲ ਸੁਸਾਇਟੀ ਦੇ ਵਰਕਰਾਂ ਦੀ ਗ੍ਰਿਫਤਾਰੀ ‘ਤੇ ਚਿੰਤਾ ਜਤਾਈ ਗਈ ਤੇ ਉਨ੍ਹਾਂ ਦੀ ਰਿਹਾਈ ਦੀ ਮੰਗ ਵੀ ਕੀਤੀ ਗਈ ਸੀ। ਸਾਊਦੀ ਅਰਬ ਨੇ ਕੈਨੇਡਾ ਦੀ ਇਸ ਮੰਗ ਨੂੰ ਉਸ ਦੇ ਅੰਦਰੂਨੀ ਮਾਮਲਿਆਂ ‘ਚ ਦਖਲ ਕਰਾਰ ਦਿੱਤਾ ਸੀ।