World

ਸਾਦੇ ਸਮਾਰੋਹ ‘ਚ ਇਮਰਾਨ ਚੁੱਕਣਗੇ ਸਹੁੰ, ਵਿਦੇਸ਼ੀ ਨੇਤਾਵਾਂ ਨੂੰ ਨਾ ਸੱਦਣ ਦਾ ਫੈਸਲਾ

ਇਸਲਾਮਾਬਾਦ — ਪਾਕਿਸਤਾਨ ਦੀਆਂ ਆਮ ਚੋਣਾਂ ਵਿਚ ਇਮਰਾਨ ਖਾਨ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। ਨਵੇਂ ਪ੍ਰਧਾਨ ਮੰਤਰੀ ਦੇ ਤੌਰ ‘ਤੇ ਇਮਰਾਨ ਖਾਨ ਸਾਦੇ ਸਮਾਰੋਹ ਵਿਚ ਸਹੁੰ ਚੁੱਕਣਾ ਚਾਹੁੰਦੇ ਹਨ। 65 ਸਾਲਾ ਇਮਰਾਨ ਖਾਨ ਦੇ 11 ਅਗਸਤ ਨੂੰ ਸਹੁੰ ਚੁੱਕਣ ਦੀ ਸੰਭਾਵਨਾ ਹੈ। ਜਾਣਕਾਰੀ ਮੁਤਾਬਕ ਹੁਣ ਉਹ ਵਿਦੇਸ਼ੀ ਆਗੂਆਂ ਅਤੇ ਮਸ਼ਹੂਰ ਹਸਤੀਆਂ ਨੂੰ ਸੱਦਾ ਦਿੱਤੇ ਜਾਣ ਦੇ ਪੱਖ ਵਿਚ ਨਹੀਂ ਹਨ। ਇਸ ਤੋਂ ਪਹਿਲਾਂ ਇਮਰਾਨ ਦੀ ਪਾਰਟੀ ਨੇ ਸਹੁੰ ਚੁੱਕ ਸਮਾਗਮ ਵਿਚ ਕਈ ਮਸ਼ਹੂਰ ਵਿਦੇਸ਼ੀ ਹਸਤੀਆਂ ਨੂੰ ਸੱਦਾ ਦੇਣ ਦੀ ਯੋਜਨਾ ਬਣਾਈ ਸੀ।
ਇਕ ਅੰਗਰੇਜ਼ੀ ਅਖਬਾਰ ਦੀ ਖਬਰ ਮੁਤਾਬਕ ਆਪਣਾ ਰਵੱਈਆ ਬਦਲਦੇ ਹੋਏ ਹੁਣ ਇਮਰਾਨ ਖਾਨ ਨੇ ਸਾਦੇ ਸਮਾਰੋਹ ਵਿਚ ਸਹੁੰ ਚੁੱਕਣ ਦਾ ਫੈਸਲਾ ਲਿਆ ਹੈ। ਅਖਬਾਰ ਨੇ ਪੀ.ਟੀ.ਆਈ. ਬੁਲਾਰੇ ਫਵਾਦ ਚੌਧਰੀ ਦੇ ਹਵਾਲੇ ਨਾਲ ਕਿਹਾ,”ਪੀ.ਟੀ.ਆਈ. ਚੇਅਰਮੈਨ ਨੇ ਸਾਦਗੀ ਨਾਲ ਸਹੁੰ ਚੁੱਕ ਸਮਾਗਮ ਆਯੋਜਿਤ ਕਰਨ ਦਾ ਨਿਰਦੇਸ਼ ਦਿੱਤਾ ਹੈ। ਇਮਰਾਨ ਐਵਾਨ-ਏ-ਸਦਰ (ਰਾਸ਼ਟਰਪਤੀ ਆਵਾਸ) ਵਿਚ ਸਾਦੇ ਸਮਾਰੋਹ ਵਿਚ ਸਹੁੰ ਚੁੱਕਣਗੇ। ਇਹ ਪੂਰੀ ਤਰ੍ਹਾਂ ਨਾਲ ਰਾਸ਼ਟਰੀ ਸਮਾਗਮ ਹੋਵੇਗਾ। ਸਿਰਫ ਇਮਰਾਨ ਦੇ ਕੁਝ ਕਰੀਬੀ ਦੋਸਤਾਂ ਨੂੰ ਸੱਦਾ ਭੇਜਿਆ ਗਿਆ ਹੈ। ਸਮਾਰੋਹ ਵਿਚ ਫਜੂਲਖਰਚੀ ਨਹੀਂ ਕੀਤੀ ਜਾਵੇਗੀ।” ਰਾਸ਼ਟਰਪਤੀ ਮਮਨੂਨ ਹੁਸੈਨ ਇਮਰਾਨ ਨੂੰ ਸਹੁੰ ਚੁਕਾਉਣਗੇ।