World

ਸਿੱਖਾਂ ਦੇ ਘਰਾਂ ‘ਚ ਛਾਪੇਮਾਰੀ ਦਾ ਮਾਮਲਾ ਗ੍ਰਹਿ ਮੰਤਰੀ ਕੋਲ ਚੁਕਾਂਗੀ : ਪ੍ਰੀਤ ਕੌਰ ਗਿੱਲ

ਲੰਡਨ — ਜੂਨ 1984 ਵਿਚ ਸ੍ਰੀ ਦਰਬਾਰ ਸਾਹਿਬ ‘ਤੇ ਹਮਲੇ ਅਤੇ ਬਾਅਦ ਦੇ ਘਟਨਾਕ੍ਰਮ ਨੂੰ ਪੇਸ਼ ਕਰਦੀਆਂ ਸਿੱਖ ਗਰਮ ਖਿਆਲੀਆਂ ਅਤੇ ਹੋਰ ਮਾਮਲਿਆਂ ਦੇ ਸਬੰਧ ਵਿਚ ਚੱਲਣ ਵਾਲੀਆਂ ਦੋ ਵੈਬਸਾਈਟਾਂ ਬੰਦ ਹੋ ਗਈਆਂ ਹਨ। ਕਿਹਾ ਜਾਂਦਾ ਹੈ ਕਿ ਅਜਿਹਾ ਬਰਤਾਨੀਆ ਦੇ ਵੱਖ-ਵੱਖ ਸ਼ਹਿਰਾਂ ਵਿਚ ਸਿੱਖਾਂ ਦੇ ਘਰਾਂ ਵਿਚ ਹੋਈ ਛਾਪੇਮਾਰੀ ਦੇ ਬਾਅਦ ਹੋਇਆ ਹੈ। ਪਰ ਇਸ ਗੱਲ ਦੇ ਸਬੂਤ ਨਹੀਂ ਮਿਲੇ ਕਿ ਇਹ ਸਾਈਟਾਂ ਅਸਲ ਵਿਚ ਹੁਣੇ ਬੰਦ ਹੋਈਆਂ ਹਨ ਜਾਂ ਇਹ ਪਹਿਲਾਂ ਹੀ ਬੰਦ ਸਨ। ਕਿਹਾ ਇਹ ਵੀ ਜਾਂਦਾ ਹੈ ਕਿ ਜਗਤਾਰ ਸਿੰਘ ਜੱਗੀ ਜਿਸ ਨੂੰ ਪੰਜਾਬ ਪੁਲਸ ਨੇ ਵੱਖ-ਵੱਖ ਮਾਮਲਿਆਂ ਵਿਚ ਗ੍ਰਿਫਤਾਰ ਕੀਤਾ ਹੋਇਆ ਹੈ ਵੱਲੋਂ ‘ਨੈਵਰਫਾਰਗਿਟ 84’ ਵੈਬਸਾਈਟ ਚਲਾਈ ਜਾ ਰਹੀ ਸੀ।

ਬਰਤਾਨੀਆ ਦੇ ਸ਼ਹਿਰ ਕਵੈਂਟਰੀ, ਬਰਮਿੰਘਮ ਅਤੇ ਲੈਸਟਰ ਤੋਂ ਇਲਾਵਾ ਸਾਊਥਾਲ ਵਿਖੇ ਵੀ ਪੁਲਸ ਵੱਲੋਂ ਛਾਪੇਮਾਰੀ ਕੀਤੀ ਗਈ, ਜਿਸ ਦੀ ਪੁਸ਼ਟੀ ਟਵਿੱਟਰ ‘ਤੇ ਸ਼ਮਸ਼ੇਰ ਸਿੰਘ ਨੇ ਦਿੱਤੀ ਹੈ ਉਸ ਨੇ ਲਿਖਿਆ ਕਿ 18 ਸਤੰਬਰ ਨੂੰ 15 ਪੁਲਸ ਅਧਿਕਾਰੀਆਂ ਨੇ ਉਨ੍ਹਾਂ ਦੇ ਘਰੇ ਛਾਪਾ ਮਾਰਿਆ ਜੋ ਗੈਰ ਕਾਨੂੰਨੀ ਹਵਾਲਾ ਰਾਸ਼ੀ ਬਾਰੇ ਤਲਾਸ਼ੀ ਕਰ ਰਹੇ ਸਨ। ਯੁਗਾਂਡਾ ਦੌਰੇ ਤੋਂ ਵਾਪਸ ਆਈ ਸਿੱਖ ਸੰਸਦ ਮੈਂਬਰ ਪ੍ਰੀਤ ਕੌਰ ਗਿੱਲ ਨੇ ਜਾਰੀ ਇਕ ਬਿਆਨ ਵਿਚ ਕਿਹਾ ਕਿ ਉਹ ਸਿੱਖਾਂ ਦੇ ਘਰਾਂ ਵਿਚ ਪੁਲਸ ਵੱਲੋਂ ਕੀਤੀ ਛਾਪੇਮਾਰੀ ਦਾ ਮਾਮਲਾ ਗ੍ਰਹਿ ਮੰਤਰੀ ਸਾਜਿਦ ਜਾਵੇਦ ਕੋਲ ਚੁੱਕੇਗੀ। ਪ੍ਰੀਤ ਕੌਰ ਨੇ ਕਿਹਾ ਕਿ ਉਨ੍ਹਾਂ ਨੇ ਵੈਸਟ ਮਿਡਲੈਂਡ ਦੇ ਚੀਫ ਸੁਪਰਡੈਂਟ ਨਾਲ ਇਸ ਬਾਰੇ ਗੱਲਬਾਤ ਕੀਤੀ ਹੈ, ਜਿਨ੍ਹਾਂ ਪੁਸ਼ਟੀ ਕੀਤੀ ਕਿ ਛਾਪੇਮਾਰੀ ਦੌਰਾਨ ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ।

ਪ੍ਰੀਤ ਨੇ ਸਪੱਸ਼ਟ ਕੀਤਾ ਕਿ ਛਾਪੇ ਉਨ੍ਹਾਂ ਸਿੱਖਾਂ ਦੇ ਘਰਾਂ ਵਿਚ ਮਾਰੇ ਗਏ ਹਨ ਜਿਹੜੇ 1984 ਦੀ ਸਿੱਖ ਨਸਲਕੁਸ਼ੀ ਮਾਮਲੇ ਦੀ ਆਵਾਜ਼ ਬੁਲੰਦ ਕਰ ਰਹੇ ਹਨ, ਜੋ ਸਿਆਸੀ ਭਾਵਨਾ ਹੈ। ਜੇ ਇਸ ਤਰ੍ਹਾਂ ਹੋਇਆ ਤਾਂ ਇਸ ਨੂੰ ਕਦੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪ੍ਰੀਤ ਨੇ ਇਹ ਵੀ ਕਿਹਾ ਕਿ ਉਹ ਜਲਦੀ ਹੀ ਇਸ ਮਾਮਲੇ ਸਬੰਧੀ ਪੁਲਸ ਚੀਫ ਸੁਪਰਡੈਂਟ ਅਤੇ ਭਾਈਚਾਰੇ ਦੀ ਇਕ ਸਾਂਝੀ ਮੀਟਿੰਗ ਕਰੇਗੀ।