India News

ਸਿੱਖ ਜੱਥਿਆਂ ਨਾਲ ਲਾਇਜ਼ਨ ਅਫ਼ਸਰ ਅਤੇ ਪ੍ਰੇਖਕ ਨਿਯੁਕਤ ਕਰਨ ਸਬੰਧੀ ਬਿਨੈ ਪੱਤਰਾਂ ਦੀ ਮੰਗ

ਚੰਡੀਗੜ੍ਹ-ਪੰਜਾਬ ਸਰਕਾਰ ਵਲੋਂ ਪਾਕਿਸਤਾਨ ਵਿਖੇ ਵੱਖ-ਵੱਖ ਸਮਾਗਮਾਂ ‘ਤੇ ਜਾਣ ਵਾਲੇ ਜੱਥਿਆਂ ਨਾਲ ਲਾਇਜ਼ਨ ਅਫ਼ਸਰ ਅਤੇ ਪ੍ਰੇਖਕ ਨਿਯੁਕਤ ਕਰਨ ਸਬੰਧੀ ਸਮੂਹ ਵਿਭਾਗਾਂ ਵਿੱਚ ਕੰਮ ਕਰਦੇ ਸੀਨੀਅਰ ਸਹਾਇਕ ਜਾਂ ਇਸ ਤੋਂ ਉਪਰਲੀ ਪਦਵੀ ‘ਤੇ ਨਿਯੁਕਤ ਅਧਿਕਾਰੀ/ਕਰਮਚਾਰੀਆਂ ਤੋਂ ਬਿਨੈ ਪੱਤਰਾਂ ਦੀ ਮੰਗ ਕੀਤੀ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਸੂਬਾ ਸਰਕਾਰ ਵਲੋਂ ਵਿਸਾਖੀ, ਸ਼ਹੀਦੀ ਦਿਵਸ ਸ੍ਰੀ ਗੁਰੂ ਅਰਜਨ ਦੇਵ ਜੀ, ਬਰਸੀ ਮਹਾਰਾਜਾ ਰਣਜੀਤ ਸਿੰਘ ਜੀ ਅਤੇ ਗੁਰੂਪੁਰਬ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧੀ ਮੌਕਿਆ ‘ਤੇ ਸਿੱਖ/ ਸਹਿਜਧਾਰੀ ਸਿੱਖ ਯਾਤਰੀਆਂ ਦੇ ਜੱਥੇ ਪਾਕਿਸਤਾਨ ਭੇਜੇ ਜਾਣ ਦੀ ਸੰਭਾਵਨਾ ਹੈ। ਇਨ੍ਹਾਂ ਜੱਥਿਆਂ ਨਾਲ ਜਾਣ ਲਈ ਲਾਇਜ਼ਨ ਅਫ਼ਸਰ ਅਤੇ ਪ੍ਰੇਖਕ ਨਿਯੁਕਤ ਕੀਤੇ ਜਾਂਦੇ ਹਨ।
ਬੁਲਾਰੇ ਨੇ ਅੱਗੇ ਦੱਸਿਆ ਕਿ ਉਹ ਸਾਰੇ ਅਧਿਕਾਰੀ/ਕਰਮਚਾਰੀ ਲਾਇਜ਼ਨ ਅਫ਼ਸਰ ਅਤੇ ਪ੍ਰੇਖਕ ਬਣਨ ਦੇ ਯੋਗ ਹਨ, ਜਿਹੜੇ ਸੀਨੀਅਰ ਸਹਾਇਕ ਜਾਂ ਇਸ ਤੋਂ ਉਪਰਲੀ ਪਦਵੀ ‘ਤੇ ਨਿਯੁਕਤ ਹਨ। ਜਿਹੜੇ ਅਧਿਕਾਰੀ/ਕਰਮਚਾਰੀ ਇਨ੍ਹਾਂ ਜੱਥਿਆਂ ਨਾਲ ਬਤੌਰ ਲਾਇਜ਼ਨ ਅਫ਼ਸਰ ਅਤੇ ਪ੍ਰੇਖਕ ਦੇ ਤੌਰ ‘ਤੇ ਪਾਕਿਸਤਾਨ ਜਾਣ ਦੇ ਇੱਛੁਕ ਹਨ, ਉਹ ਆਪਣੇ ਬਿਨੈ-ਪੱਤਰ ਆਪਣੇ ਵਿਭਾਗ ਦੇ ਮੁਖੀ ਰਾਹੀਂ ਆਮ ਰਾਜ ਪ੍ਰਬੰਧ ਵਿਭਾਗ, ਪੰਜਾਬ ਸਿਵਲ ਸਕੱਤਰੇਤ, ਚੰਡੀਗੜ੍ਹ ਵਿਖੇ 31-12-19 ਤੱਕ ਭੇਜ ਸਕਦੇ ਹਨ। ਇਸ ਮਿਤੀ ਤੋਂ ਬਾਅਦ ਭੇਜੀਆਂ ਗਈਆਂ ਪ੍ਰਤੀਬੇਨਤੀਆਂ ਸਵੀਕਾਰ ਨਹੀਂ ਕੀਤੀਆਂ ਜਾਣਗੀਆਂ।
ਉਨ੍ਹਾਂ ਇਹ ਵੀ ਦੱਸਿਆ ਕਿ ਵਿਭਾਗ ਦੇ ਮੁੱਖੀ ਵੱਲੋਂ ਇਹ ਤਸਦੀਕ ਕੀਤਾ ਜਾਵੇ ਕਿ ਬਿਨੈਕਾਰ ਵਿਰੁੱਧ ਕੋਈ ਵੀ ਫੌਜਦਾਰੀ/ਵਿਭਾਗ ਕਾਰਵਾਈ ਦਾ ਮਾਮਲਾ ਲੰਬਿਤ ਨਹੀਂ ਹੈ।
ਬੁਲਾਰੇ ਨੇ ਅੱਗੇ ਦੱਸਿਆ ਕਿ ਲਾਇਜ਼ਨ ਅਫ਼ਸਰ ਅਤੇ ਪ੍ਰੇਖਕ ਦੀ ਨਿਯੁਕਤੀ ਲਈ ਉਹਨਾਂ ਅਧਿਕਾਰੀਆਂ/ਕਰਮਚਾਰੀਆਂ ਦੇ ਬਿਨੈ-ਪੱਤਰ ਹੀ ਵਿਚਾਰੇ ਜਾਣਗੇ, ਜਿਹੜੇ 5 ਸਾਲਾਂ ਦੌਰਾਨ ਜੱਥੇ ਨਾਲ ਬਤੌਰ ਲਾਇਜ਼ਨ ਅਫ਼ਸਰ ਅਤੇ ਪ੍ਰੇਖਕ ਨਹੀਂ ਗਏ।