India News

ਸਿੱਧੂ ਖ਼ਿਲਾਫ਼ ਜਨਤਕ ਥਾਵਾਂ ‘ਤੇ ਲੱਗੇ ਪੋਸਟਰ, ਪੁੱਛੇ ਗਏ ਅਜਿਹੇ ਸਵਾਲ, ਮਘੀ ਪੰਜਾਬ ਦੀ ਸਿਆਸਤ

ਮੋਹਾਲੀ : ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ‘ਤੇ ਪੰਜਾਬ ਦੀ ਸਿਆਸਤ ਇਕ ਵਾਰੀ ਫਿਰ ਭਖ ਗਈ ਹੈ। ਮੋਹਾਲੀ ‘ਚ ਕਈ ਥਾਈਂ ਉਨ੍ਹਾਂ ਖ਼ਿਲਾਫ਼ ਪੋਸਟਰ ਲਗਾਏ ਗਏ ਹਨ। ਇਸ ਨਾਲ ਸਨਸਨੀ ਫੈਲ ਗਈ ਹੈ। ਪੋਸਟਰਾਂ ‘ਚ ਸਿੱਧੂ ਤੋਂ ਸਵਾਲ ਕੀਤੇ ਗਏ ਹਨ ਕਿ ਅਸਤੀਫ਼ਾ ਕਦੋਂ ਦਿਓਗੇ ਅਤੇ ਰਾਜਨੀਤੀ ਕਦੋਂ ਛੱਡ ਰਹੇ ਹੋ। ਸਿੱਧੂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਆਪਣਾ ਵਿਭਾਗ ਬਦਲੇ ਜਾਣ ਤੋਂ ਬਾਅਦ ਨਵੇਂ ਵਿਭਾਗ ਦਾ ਕਾਰਜਭਾਰ ਨਹੀਂ ਸੰਭਾਲਿਆ ਹੈ।
ਸਿੱਧੂ ਖ਼ਿਲਾਫ਼ ਮੋਹਾਲੀ ਅਤੇ ਆਲੇ-ਦੁਆਲੇ ਦੀਆਂ ਕਈ ਜਨਤਕ ਥਾਵਾਂ ‘ਤੇ ਪੋਸਟਰ ਲਗਾਏ ਗਏ ਹਨ। ਪੋਸਟਰ ਲਗਾਉਣ ਵਾਲਿਆਂ ਨੇ ਸਿੱਧੂ ਕੋਲੋਂ ਪੁੱਛਿਆ ਹੈ ਕਿ ਉਹ ਅਸਤੀਫ਼ਾ ਕਦੋਂ ਦੇ ਰਹੇ ਹਨ। ਸਿੱਧੂ ਖ਼ਿਲਾਫ਼ ਪੋਸਟਰ ਲਗਾਉਣ ਦੀ ਸੂਚਨਾ ਮਿਲਦੇ ਹੀ ਹਰਕਤ ‘ਚ ਆਏ ਨਗਰ ਨਿਗਮ ਨੇ ਪੋਸਟਰ ਉਤਰਵਾਉਣੇ ਸ਼ੁਰੂ ਕਰ ਦਿੱਤੇ।
ਪੁਲਿਸ ਪ੍ਰਸ਼ਾਸਨ ਇਹ ਪਤਾ ਲਗਾਉਣ ‘ਚ ਜੁਟਿਆ ਹੈ ਕਿ ਆਖ਼ਰ ਇਨ੍ਹਾਂ ਪੋਸਟਰਾਂ ਪਿੱਛੇ ਕਿਸ ਦਾ ਹੱਥ ਹੈ। ਮੋਹਾਲੀ ਦੇ ਫੇਜ਼ ਤਿੰਨ ਵਿਚ ਪੈਟਰੋਲ ਪੰਪ ਨੇੜੇ ਕੁਝ ਲੋਕਾਂ ਨੇ ਸ਼ੁੱਕਰਵਾਰ ਸਵੇਰੇ ਖ਼ਾਲੀ ਪਏ ਬੋਰਡਾਂ ‘ਤੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਖ਼ਿਲਾਫ਼ ਪੋਸਟਰ ਲੱਗੇ ਦੇਖੇ। ਅੰਗਰੇਜ਼ੀ ਅਤੇ ਪੰਜਾਬੀ ਭਾਸ਼ਾ ‘ਚ ਲੱਗੇ ਇਨ੍ਹਾਂ ਪੋਸਟਰਾਂ ‘ਤੇ ਸਿੱਧੂ ਦੇ ਭਾਸ਼ਣ ਦਿੰਦਿਆਂ ਦੀ ਇਕ ਫੋਟੋ ਲਗਾਈ ਗਈ ਹੈ।
ਇਨ੍ਹਾਂ ਪੋਸਟਰਾਂ ‘ਚ ਸਿੱਧੂ ਵਲੋਂ ਹਾਲ ਹੀ ‘ਚ ਲੋਕ ਸਭਾ ਚੋਣਾਂ ਦੌਰਾਨ ਅਮੇਠੀ ‘ਚ ਚੋਣ ਰੈਲੀ ਦੌਰਾਨ ਦਿੱਤੇ ਗਏ ਬਿਆਨ ਦਾ ਹਵਾਲਾ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਸਿੱਧੂ ਨੇ ਉੱਥੇ ਕਿਹਾ ਸੀ, ਜੇਕਰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਮੇਠੀ ਤੋਂ ਹਾਰ ਗਏ ਤਾਂ ਮੈਂ ਰਾਜਨੀਤੀ ਛੱਡ ਦਿਆਂਗਾ।’ ਰਾਹੁਲ ਗਾਂਧੀ ਦੇ ਸਮ੍ਰਿਤੀ ਇਰਾਨੀ ਤੋਂ ਚੋਣ ਹਾਰ ਜਾਣ ਮਗਰੋਂ ਸਿੱਧੂ ਨਿਸ਼ਾਨੇ ‘ਤੇ ਆ ਗਏ ਸਨ। ਪਹਿਲਾਂ ਲੀਡਰਾਂ ਦੇ ਬਿਆਨਾਂ ਕਾਰਨ ਸਿੱਧੂ ‘ਤੇ ਨਿਸ਼ਾਨਾ ਵਿੰਨ੍ਹਿਆ ਪਰ ਹੁਣ ਪੋਸਟਰਾਂ ਰਾਹੀਂ ਉਨ੍ਹਾਂ ‘ਤੇ ਹਮਲਾ ਕੀਤਾ ਗਿਆ ਹੈ। ਪੋਸਟਰਾਂ ‘ਚ ਪੁੱਛਿਆ ਗਿਆ ਹੈ ਕਿ ‘ਤੁਸੀਂ ਰਾਜਨੀਤੀ ਕਦੋਂ ਛੱਡ ਰਹੇ ਹੋ। ਸਮਾਂ ਆ ਗਿਆ ਹੈ ਕਿ ਤੁਸੀਂ ਆਪਣੇ ਕੀਤੇ ਹੋਏ ਐਲਾਨ ਨੂੰ ਪੂਰਾ ਕਰੋ। ਅਸੀਂ ਤੁਹਾਡੇ ਅਸਤੀਫ਼ੇ ਦਾ ਇੰਤਜ਼ਾਰ ਕਰ ਰਹੇ ਹਨ।’