Menu

ਹਿਮਾਚਲ ‘ਚ ਚਿੱਟਾ ਲਿਜਾਣ ਲਈ ਭਾਜਪਾ ਤੇ ਅਕਾਲੀ ਜ਼ਿੰਮੇਵਾਰ : ਅਮਰਿੰਦਰ

ਹਿਮਾਚਲ—ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਜਪਾ ਵਲੋਂ ਹਿਮਾਚਲ ਪ੍ਰਦੇਸ਼ ‘ਚ ਚਿੱਟਾ ਵੇਚਣ ਲਈ ਵੀਰਭੱਦਰ ਸਰਕਾਰ ਨੂੰ ਦੋਸ਼ੀ ਠਹਿਰਾਏ ਜਾਣ ਦੇ ਦੋਸ਼ਾਂ ਨੂੰ ਪੂਰੀ ਤਰ੍ਹਾਂ ਖਾਰਿਜ ਕਰਦੇ ਹੋਏ ਕਿਹਾ ਹੈ ਕਿ ਪੰਜਾਬ ‘ਚ 10 ਸਾਲਾਂ ਤੋਂ ਚਿੱਟਾ ਵਿਕਣ ਲਈ ਪੂਰੀ ਤਰ੍ਹਾਂ ਸਾਬਕਾ ਅਕਾਲੀ-ਭਾਜਪਾ ਸਰਕਾਰ ਜ਼ਿੰਮੇਵਾਰ ਸੀ ਅਤੇ ਜੇਕਰ ਪਿਛਲੇ ਸਮੇਂ ‘ਚ ਚਿੱਟਾ ਹਿਮਾਚਲ ਦੇ ਕੁਝ ਇਲਾਕਿਆਂ ‘ਚ ਪਹੁੰਚਿਆ ਹੈ ਤਾਂ ਉਸ ਲਈ ਭਾਜਪਾ ਅਤੇ ਅਕਾਲੀ ਹੀ ਜ਼ਿੰਮੇਵਾਰ ਹਨ। ਉਨ੍ਹਾਂ ਅੱਜ ਹਿਮਾਚਲ ਦੇ ਕਈ ਇਲਾਕਿਆਂ ‘ਚ ਪ੍ਰਚਾਰ ਕਰਨ ਤੋਂ ਬਾਅਦ ਕਿਹਾ ਕਿ ਕਾਂਗਰਸ ਦੀ ਪੰਜਾਬ ਸਰਕਾਰ ਬਣਨ ਤੋਂ ਬਾਅਦ ਹੁਣ ਚਿੱਟਾ ਵੇਚਣ ਵਾਲਿਆਂ ਦੇ ਦਿਨ ਲੱਦ ਗਏ ਹਨ। ਉਨ੍ਹਾਂ ਦੀ ਸਰਕਾਰ ਕਿਸੇ ਵੀ ਕੀਮਤ ‘ਤੇ ਪੰਜਾਬ ‘ਚ ਚਿੱਟਾ ਨਹੀਂ ਵਿਕਣ ਦੇਵੇਗੀ ਅਤੇ ਨਾ ਹੀ ਪੰਜਾਬ ਤੋਂ ਚਿੱਟਾ ਹਿਮਾਚਲ ਪ੍ਰਦੇਸ਼ ‘ਚ ਵਿਕਣ ਲਈ ਜਾਣ ਦੇਵੇਗੀ।
ਇਸ ਸਬੰਧੀ ਉਹ ਪਹਿਲਾਂ ਹੀ ਸਾਰੀ ਪੰਜਾਬ ਪੁਲਸ ਅਤੇ ਉਨ੍ਹਾਂ ਦੇ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਦੇ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਅਕਾਲੀਆਂ ਨੇ ਚਿੱਟੇ ਦੀ ਵਿਕਰੀ ਨੂੰ ਉਤਸ਼ਾਹਿਤ ਕੀਤਾ। ਅਕਾਲੀਆਂ ਨਾਲ ਭਾਜਪਾ ਵੀ ਸਰਕਾਰ ‘ਚ ਸ਼ਾਮਲ ਸੀ ਤੇ ਉਸ ਨੇ ਹਿਮਾਚਲ ਦੇ ਕਈ ਇਲਾਕਿਆਂ ‘ਚ ਚਿੱਟੇ ਦੀ ਸਪਲਾਈ ਸ਼ੁਰੂ ਕਰਵਾ ਦਿੱਤੀ ਪਰ ਜਦੋਂ ਤੋਂ ਪੰਜਾਬ ‘ਚ ਕਾਂਗਰਸ ਸਰਕਾਰ ਬਣੀ ਹੈ, ਹਿਮਾਚਲ ‘ਚ ਚੋਰੀ-ਛਿਪੇ ਜਾਣ ਵਾਲੇ ਚਿੱਟੇ ‘ਤੇ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਗਈ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਜੀ. ਐੱਸ. ਟੀ. ਲਾਗੂ ਕਰ ਕੇ ਸੂਬਿਆਂ ਨੂੰ ਕੇਂਦਰ ‘ਤੇ ਆਤਮ-ਨਿਰਭਰ ਬਣਾ ਦਿੱਤਾ। ਉਨ੍ਹਾਂ ਕਿਹਾ ਕਿ ਪਹਿਲਾਂ ਸੂਬਿਆਂ ਦੇ ਖਜ਼ਾਨੇ ‘ਚ ਸਿੱਧੇ ਟੈਕਸਾਂ ਤੋਂ ਪੈਸਾ ਆ ਜਾਂਦਾ ਸੀ ਪਰ ਹੁਣ ਇਹ ਪੈਸਾ ਸਿੱਧਾ ਕੇਂਦਰ ਸਰਕਾਰ ਦੇ ਖਜ਼ਾਨੇ ‘ਚ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ‘ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਉਹ ਪੰਜਾਬ ਨੂੰ ਜੀ. ਐੱਸ. ਟੀ. ਦਾ ਹਿੱਸਾ ਦੇਣ ‘ਚ ਦੇਰੀ ਕਰ ਰਹੀ ਹੈ। ਜੁਲਾਈ ‘ਚ ਜੀ. ਐੱਸ. ਟੀ. ਦੀ ਕਿਸ਼ਤ ਰਿਲੀਜ਼ ਨਹੀਂ ਕੀਤੀ ਗਈ, ਸਤੰਬਰ ‘ਚ ਬਹੁਤ ਘੱਟ ਪੈਸਾ ਪੰਜਾਬ ਨੂੰ ਦਿੱਤਾ ਗਿਆ ਹੈ। ਇਸ ਤੋਂ ਬਾਅਦ ਹੁਣ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਕਹਿ ਰਹੇ ਹਨ ਕਿ ਅਗਲੇ ਇਕ ਸਾਲ ਤਕ ਜੀ. ਐੱਸ. ਟੀ. ਦਾ ਹਿੱਸਾ ਪੰਜਾਬ ਨੂੰ ਦੇਣਾ ਸੰਭਵ ਨਹੀਂ ਹੋ ਸਕੇਗਾ।
ਉਨ੍ਹਾਂ ਵਿੱਤ ਮੰਤਰੀ ਅਰੁਣ ਜੇਤਲੀ ਨੂੰ ਸਵਾਲ ਕੀਤਾ ਕਿ ਅਜਿਹੀ ਸਥਿਤੀ ‘ਚ ਸੂਬਾ ਸਰਕਾਰ ਵਿਕਾਸ ਕੰਮ ਕਿਸ ਤਰ੍ਹਾਂ ਕਰਵਾਏਗੀ ਅਤੇ ਆਪਣੇ ਮੁਲਾਜ਼ਮਾਂ ਨੂੰ ਤਨਖਾਹਾਂ ਦਾ ਭੁਗਤਾਨ ਕਿਵੇਂ ਕਰ ਸਕੇਗੀ। ਮੁੱਖ ਮੰਤਰੀ ਨੇ ਕਿਹਾ ਕਿ ਨੋਟਬੰਦੀ ਨੂੰ ਇਕ ਸਾਲ ਪੂਰਾ ਹੋ ਗਿਆ ਹੈ। ਨੋਟਬੰਦੀ ਜਲਦਬਾਜ਼ੀ ‘ਚ ਚੁੱਕਿਆ ਕਦਮ ਸੀ, ਜਿਸ ਕਾਰਨ ਨਕਦੀ ਲੈਣ ਲਈ ਬੈਂਕਾਂ ਦੀਆਂ ਲਾਈਨਾਂ ‘ਚ ਖੜ੍ਹੇ ਕਈ ਲੋਕਾਂ ਦੀਆਂ ਜਾਨਾਂ ਗਈਆਂ ਸਨ। ਉਨ੍ਹਾਂ ਕਿਹਾ ਕਿ ਨੋਟਬੰਦੀ ਦੇ ਸਮੇਂ ਜਦੋਂ ਉਹ ਲੋਕਾਂ ਦੀਆਂ ਮੁਸ਼ਕਿਲਾਂ ਸੁਣਨ ਲਈ ਗਏ ਤਾਂ ਉਨ੍ਹਾਂ ਇਕ 85 ਸਾਲਾ ਬਜ਼ੁਰਗ ਔਰਤ ਨੂੰ ਵੀ ਲਾਈਨ ‘ਚ ਲੱਗਿਆਂ ਦੇਖਿਆ ਸੀ। ਉਨ੍ਹਾਂ ਕਿਹਾ ਕਿ ਕਾਂਗਰਸ ਨਾ ਸਿਰਫ ਹਿਮਾਚਲ ‘ਚੋਂ ਜਿੱਤੇਗੀ, ਸਗੋਂ ਇਸ ਤੋਂ ਬਾਅਦ ਗੁਜਰਾਤ ‘ਚ ਵੀ ਜਿੱਤ ਹਾਸਿਲ ਕਰੇਗੀ। ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਘਬਰਾ ਗਏ ਹਨ, ਇਸ ਲਈ ਉਨ੍ਹਾਂ ਨੂੰ ਮੁਹੱਲਾ ਪੱਧਰ ਦੀਆਂ ਮੀਟਿੰਗਾਂ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਮੋਦੀ ਨੂੰ ਵੀ ਪਤਾ ਹੈ ਕਿ ਜੇਕਰ ਹਿਮਾਚਲ ਅਤੇ ਗੁਜਰਾਤ ਉਨ੍ਹਾਂ ਦੇ ਹੱਥਾਂ ‘ਚੋਂ ਨਿਕਲ ਗਏ ਤਾਂ ਫਿਰ 2019 ਦੀਆਂ ਚੋਣਾਂ ਜਿੱਤਣੀਆਂ ਵੀ ਉਨ੍ਹਾਂ ਲਈ ਮੁਸ਼ਕਿਲ ਹੋ ਜਾਣਗੀਆਂ।