Menu

ਹੁਣ ਇੰਡੋਨੇਸ਼ੀਆ ਨੇ ਦਿੱਤੀ ਚੀਨ ਨੂੰ ਚੁਣੌਤੀ

ਜਕਾਰਤਾ— ਇੰਡੋਨੇਸ਼ੀਆ ਨੇ ਦੱਖਣੀ ਚੀਨ ਸਾਗਰ ਦੇ ਕੁਝ ਹਿੱਸਿਆਂ ‘ਤੇ ਚੀਨ ਦੇ ਦਾਅਵਿਆਂ ਨੂੰ ਚੁਣੌਤੀ ਦਿੰਦੇ ਹੋਏ ਇਨ੍ਹਾਂ ਇਲਾਕਿਆਂ ਨੂੰ ਨਵਾਂ ਨਾਂ ਦਿੱਤਾ ਹੈ। ਇਸ ਕਦਮ ਦੇ ਨਾਲ ਹੀ ਇੰਡੋਨੇਸ਼ੀਆ ਨੇ ਸਿੱਧੇ ਤੌਰ ‘ਤੇ ਚੀਨ ਦੇ ਹਮਲਾਵਰਪੁਣੇ ਨੂੰ ਚੁਣੌਤੀ ਦਿੱਤੀ ਹੈ।
ਓਧਰ ਚੀਨ ਨੇ ਇੰਡੋਨੇਸ਼ੀਆ ਦੇ ਇਸ ਕਦਮ ਨੂੰ ਜ਼ਿਆਦਾ ਤੂਲ ਨਾ ਦਿੰਦੇ ਹੋਏ ਇਸ ਨੂੰ ‘ਪੂਰੀ ਤਰ੍ਹਾਂ ਬੇਲੋੜਾ’ ਦੱਸਿਆ ਹੈ। ਚੀਨ ਬੇਸ਼ੱਕ ਹੀ ਇਸ ਖੇਤਰ ‘ਤੇ ਆਪਣਾ ਵਿਸ਼ੇਸ਼ ਅਧਿਕਾਰ ਜਤਾਉਂਦਾ ਹੋਵੇ ਪਰ ਇਸਦੇ ਬਾਵਜੂਦ ਉਸਦੇ ਵਿਰੁੱਧ ਮਾਹੌਲ ਤਿਆਰ ਹੋ ਰਿਹਾ ਹੈ। ਪਿਛਲੇ ਹਫਤੇ ਹੀ ਵੀਅਤਨਾਮ ਅਤੇ ਫਿਲੀਪੀਨਜ਼ ਨੇ ਵੀ ਆਪਣੇ -ਆਪਣੇ ਢੰਗ ਨਾਲ ਦੱਖਣੀ ਚੀਨ ਸਾਗਰ ‘ਤੇ ਆਪਣੇ ਦਾਅਵਿਆਂ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਸੀ। ਸ਼ੁੱਕਰਵਾਰ ਨੂੰ ਇੰਡੋਨੇਸ਼ੀਆ ਨੇ ਇਸ ਵਿਵਾਦਿਤ ਹਿੱਸੇ ਦਾ ਨਾਂ ਬਦਲ ਕੇ ਨਾਰਥ ਨਾਤੁਨਾ ਸੀ (ਉੱਤਰੀ ਨਾਤੁਨਾ ਸਾਗਰ) ਰੱਖ ਦਿੱਤਾ ਸੀ। ਸਮੁੰਦਰੀ ਮਾਮਲਿਆਂ ਦੇ ਮੰਤਰਾਲਾ ਨੇ ਇਕ ਨਵਾਂ ਨਕਸ਼ਾ ਜਾਰੀ ਕੀਤਾ, ਜਿਸ ‘ਤੇ ਇਸ ਇਲਾਕੇ ਲਈ ਨਵੇਂ ਨਾਂ ਦੀ ਵਰਤੋਂ ਕੀਤੀ ਗਈ। ਇੰਡੋਨੇਸ਼ੀਆ ਲੰਬੇ ਸਮੇਂ ਤੋਂ ਕਹਿੰਦਾ ਆ ਰਿਹਾ ਹੈ ਕਿ ਦੱਖਣੀ ਚੀਨ ਸਾਗਰ ‘ਚ ਚੀਨ ਦੇ ਨਾਲ ਉਸਦਾ ਕੋਈ ਸਰਹੱਦੀ ਝਗੜਾ ਨਹੀਂ।
ਯਾਦ ਰਹੇ ਕਿ ਚੀਨ ਇਸ ਖੇਤਰ ਦੇ 90 ਫੀਸਦੀ ਤੋਂ ਵੱਧ ਇਲਾਕੇ ‘ਤੇ ਆਪਣਾ ਦਾਅਵਾ ਕਰਦਾ ਹੈ। ਇੰਡੋਨੇਸ਼ੀਆ ਦਾ ਕਹਿਣਾ ਹੈ ਕਿ ਚੀਨ ਦੀ ਵਿਵਾਦਿਤ ਸਮੁੰਦਰੀ ਸਰਹੱਦ ‘ਨਾਈਨ ਡੈਸ਼ ਲਾਈਨ’ ਉਸਦੇ ਨਾਤੁਨਾ ਟਾਪੂਆਂ ਦੇ ਨੇੜੇ ਆਰਥਿਕ ਖੇਤਰ ਨੂੰ ਓਵਰਲੈੱਪ ਕਰਦੀ ਹੈ। ਇਸ ਦੀਪ ਸਮੂਹ ਦੇ ਆਸ-ਪਾਸ ਮੱਛੀਆ ਫੜਨ ਦੇ ਅਧਿਕਾਰਾਂ ਨੂੰ ਲੈ ਕੇ ਵੀ ਇੰਡੋਨੇਸ਼ੀਆ ਅਤੇ ਚੀਨ ਵਿਚਾਲੇ ਵਿਵਾਦ ਹੈ।