India News

ਹੁਣ ਗੁਰਦਾਸਪੁਰ ਜੇਲ੍ਹ ‘ਚ ਭਿੜੇ ਕੈਦੀ

ਗੁਰਦਾਸਪੁਰ: ਸਥਾਨਕ ਕੇਂਦਰੀ ਜੇਲ੍ਹ ਵਿੱਚ ਪੁਰਾਣੀ ਰੰਜਿਸ਼ ਨੂੰ ਲੈ ਕੇ ਕੈਦੀਆਂ ਦੇ ਦੋ ਗੁੱਟ ਆਪਸ ਵਿੱਚ ਭਿੜ ਗਏ। ਗੋਪੀ ਗੋਲੀ ਗੈਂਗ ਦੇ ਮੈਂਬਰਾਂ ਨੇ ਚਮਚ ਦੇ ਬਲੇਟ ਬਣਾ ਕੇ ਦੂਜੇ ਗਰੁੱਪ ਦੇ ਮੈਂਬਰਾਂ ‘ਤੇ ਹਮਲਾ ਕੀਤਾ। ਇਸ ਵਿੱਚ ਸੰਨੀ ਤੇ ਅਵਤਾਰ ਨਾਮਕ ਦੋ ਕੈਦੀ ਜ਼ਖਮੀ ਹੋ ਗਏ। ਸੰਨੀ 302 ਦੇ ਮਾਮਲੇ ਵਿੱਚ ਤੇ ਅਵਤਾਰ ਨਸ਼ੇ ਦੇ ਮਾਮਲੇ ਵਿੱਚ ਸਜ਼ਾ ਕੱਟ ਰਹੇ ਹਨ। ਦੋਵੇਂ ਜ਼ਖ਼ਮੀ ਕੈਦੀਆਂ ਦਾ ਗੁਰਦਾਸਪੁਰ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਕੀਤਾ ਜਾ ਰਿਹਾ ਹੈ।

ਹਸਪਤਾਲ ਵਿੱਚ ਇਲਾਜ ਕਰਵਾਉਣ ਪਹੁੰਚੇ ਕੈਦੀਆਂ ਨੇ ਦੱਸਿਆ ਕਿ ਪੁਰਾਣੀ ਰੰਜਿਸ਼ ਨੂੰ ਲੈ ਕੇ ਗੋਪੀ ਗੋਲੀ ਗੈਂਗ ਦੇ ਮੈਂਬਰਾਂ ਨੇ ਉਨ੍ਹਾਂ ‘ਤੇ ਹਮਲਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਹਮਲਾਵਰਾਂ ਨੇ ਉਨ੍ਹਾਂ ‘ਤੇ ਹਮਲਾ ਕਰਨ ਦੀ ਪਹਿਲਾਂ ਹੀ ਯੋਜਨਾ ਬਣਾਈ ਹੋਈ ਸੀ। ਚਮਚ ਦੇ ਬਣਾਏ ਬਲੇਟ ਨਾਲ ਹਮਲਾ ਕਰਕੇ ਉਨ੍ਹਾਂ ਨੂੰ ਜ਼ਖ਼ਮੀ ਕਰ ਦਿੱਤਾ।

ਮੌਕੇ ‘ਤੇ ਪਹੁੰਚੇ ਪੁਲਿਸ ਅਧਿਕਾਰੀ ਸੋਮ ਲਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਜੇਲ੍ਹ ਵਿੱਚ ਕੈਦੀਆਂ ਦੇ ਦੋ ਗੁੱਟ ਆਪਸ ਵਿੱਚ ਭਿੜੇ ਹਨ। ਇਸ ਝਗੜੇ ਵਿੱਚ ਦੋ ਕੈਦੀ ਜ਼ਖਮੀ ਹੋਏ ਹਨ। ਇਨ੍ਹਾਂ ਦਾ ਇਲਾਜ ਕਰਵਾਉਣ ਲਈ ਗੁਰਦਾਸਪੁਰ ਦੇ ਸਰਕਾਰੀ ਹਸਪਤਾਲ ਵਿੱਚ ਲਿਆਂਦਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਲਾਜ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।