India News

ਹੁਣ ਭਾਰਤੀਆਂ ਨੂੰ ਟਰਾਂਜ਼ਿਟ ਵੀਜ਼ੇ ਦੀ ਲੋੜ ਨਹੀਂ : ਫਰਾਂਸ

ਨਵੀਂ ਦਿੱਲੀ – ਫਰਾਂਸ ਨੇ ਐਲਾਨ ਦਿੱਤਾ ਹੈ ਕਿ ਦੇਸ਼ ਵਿਚੋਂ ਲੰਘਣ ਦੌਰਾਨ ਭਾਰਤੀ ਪਾਸਪੋਰਟ ਹੋਲਡਰਾਂ ਨੂੰ ਹੁਣ ਟਰਾਂਜ਼ਿਟ ਵੀਜ਼ਾ ਦੀ ਲੋੜ ਨਹੀਂ ਹੋਵੇਗੀ। ਭਾਰਤ ਵਿਚ ਫਰਾਂਸ ਦੇ ਰਾਜਦੂਤ ਅਲੈਗਜ਼ੈਂਡਰ ਜੇਗਲਰ ਨੇ ਪਿਛਲੇ ਹਫਤੇ ਟਵਿੱਟਰ ‘ਤੇ ਕਿਹਾ,”ਮੈਨੂੰ ਇਹ ਐਲਾਨ ਕਰਨ ਵਿਚ ਖੁਸ਼ੀ ਹੋ ਰਹੀ ਹੈ ਕਿ 23 ਜੁਲਾਈ 2018 ਤੋਂ ਭਾਰਤੀ ਪਾਸਪੋਰਟ ਹੋਲਡਰਾਂ ਨੂੰ ਫਰਾਂਸ ਵਿਚ ਕਿਸੇ ਵੀ ਹਵਾਈ ਅੱਡੇ ਦੇ ਅੰਤਰਰਾਸ਼ਟਰੀ ਖੇਤਰ ਵਿਚੋਂ ਲੰਘਣ ਦੌਰਾਨ ਟਰਾਂਜ਼ਿਟ ਵੀਜ਼ਾ ਦੀ ਲੋੜ ਨਹੀਂ ਹੋਵੇਗੀ।
ਕੀ ਹੁੰਦੈ ਏਅਰਪੋਰਟ ਟਰਾਂਜ਼ਿਟ ਵੀਜ਼ਾ
ਟਰਾਂਜ਼ਿਟ ਵੀਜ਼ਾ ਇਕ ਤਰ੍ਹਾਂ ਦਾ ਟੈਂਪਰੇਰੀ ਸ਼ਾਰਟ ਪੀਰੀਅਡ ਵੀਜ਼ਾ ਹੁੰਦਾ ਹੈ, ਜੋ ਕਿ ਯਾਤਰਾ ਦੌਰਾਨ ਕੰਮ ਆਉਂਦਾ ਹੈ। ਕਈ ਦੇਸ਼ਾਂ ਵਿਚ ਅਜਿਹਾ ਹੁੰਦਾ ਹੈ ਕਿ ਤੁਸੀਂ 24 ਘੰਟੇ ਤੋਂ ਜ਼ਿਆਦਾ ਸਮੇਂ ਤੱਕ ਰੁਕਦੇ ਹੋ ਤਾਂ ਉਥੇ ਤੁਹਾਨੂੰ ਟਰਾਂਜ਼ਿਟ ਵੀਜ਼ਾ ਲੈਣਾ ਪੈਂਦਾ ਹੈ, ਫਰਾਂਸ ਵੀ ਸ਼ੈਨਗਨ ਖੇਤਰ ਦਾ ਇਕ ਹਿੱਸਾ ਹੈ, ਜਿਸ ਵਿਚ 26 ਯੂਰਪੀ ਦੇਸ਼ ਸ਼ਾਮਲ ਹਨ। ਇਨ੍ਹਾਂ 26 ਯੂਰਪੀ ਦੇਸ਼ਾਂ ਵਿਚ ਯਾਤਰਾ ਦੌਰਾਨ ਅਫਗਾਨਿਸਤਾਨ, ਬੰਗਲਾਦੇਸ਼, ਘਾਨਾ, ਭਾਰਤ, ਈਰਾਨ, ਇਰਾਕ, ਪਾਕਿਸਤਾਨ, ਸ਼੍ਰੀਲੰਕਾ ਸਮੇਤ 19 ਦੇਸ਼ਾਂ ਦੇ ਯਾਤਰੀਆਂ ਨੂੰ ਸ਼ੈਨਗਨ ਖੇਤਰ ਵਿਚ ਆਉਣ ਵਾਲੇ ਦੇਸ਼ਾਂ ਦੇ ਹਵਾਈ ਅੱਡਿਆਂ ਦੇ ਕੌਮਾਂਤਰੀ ਖੇਤਰ ਤੋਂ ਲੰਘਣ ਦੌਰਾਨ ਟਰਾਂਜ਼ਿਟ ਵੀਜ਼ਾ ਦੀ ਲੋੜ ਪੈਂਦੀ ਹੈ। 26 ਯੂਰਪੀ ਦੇਸ਼ਾਂ ਦਾ ਸਮੂਹ, ਜਿਥੋਂ ਦੇ ਨਾਗਰਿਕਾਂ ਨੂੰ ਬਿਨਾਂ ਪਾਸਪੋਰਟ ਆਪਣੇ ਗੁਆਂਢੀ ਮੁਲਕਾਂ ਵਿਚ ਆਉਣ-ਜਾਣ ਦੀ ਸਹੂਲਤ ਦਿੱਤੀ ਗਈ ਹੈ, ਉਸ ਨੂੰ ਸ਼ੈਨਗਨ ਖੇਤਰ ਕਿਹਾ ਜਾਂਦਾ ਹੈ।