India News

ਫ਼ਾਜ਼ਿਲਕਾ ਦੇ DC ਦਾ ਇਹ ਹੁਕਮ ਹੋ ਗਿਆ ਵਾਇਰਲ

ਫ਼ਾਜ਼ਿਲਕਾ-ਫ਼ਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਸ੍ਰੀ ਮਨਪ੍ਰੀਤ ਸਿੰਘ ਛਤਵਾਲ ਨੇ ਆਪਣੇ ਜ਼ਿਲ੍ਹੇ ਦੇ ਸਰਕਾਰੀ ਦਫ਼ਤਰਾਂ ਵਿੱਚ ਮਾਣ–ਮਰਿਆਦਾ ਨੂੰ ਕਾਇਮ ਰੱਖਣ ਲਈ ਇੱਕ ਅਜਿਹਾ ਹੁਕਮ ਜਾਰੀ ਕੀਤਾ ਹੈ; ਜਿਸ ਦੀ ਇਸ ਵੇਲੇ ਪੂਰੇ ਪੰਜਾਬ ਵਿੱਚ ਡਾਢੀ ਚਰਚਾ ਹੈ।
ਉਨ੍ਹਾਂ ਹੁਕਮ ਜਾਰੀ ਕੀਤਾ ਹੈ ਕਿ ਦਫ਼ਤਰੀ ਸਮੇਂ ਦੌਰਾਨ ਕੋਈ ਵੀ ਮਰਦ ਸਰਕਾਰੀ ਕਰਮਚਾਰੀ ਟੀ–ਸ਼ਰਟ ਪਾ ਕੇ ਨਾ ਆਵੇ ਤੇ ਕੋਈ ਇਸਤਰੀ ਸਟਾਫ਼ ਮੈਂਬਰ ਬਿਨਾ ਦੁਪੱਟੇ ਦੇ ਦਫ਼ਤਰ ਨਾ ਆਵੇ।
ਇਹ ਹੁਕਮ ਕੱਲ੍ਹ ਸ਼ੁੱਕਰਵਾਰ ਨੂੰ ਜਾਰੀ ਕੀਤਾ ਗਿਆ ਹੈ। ਇਸ ਹੁਕਮ ਵਿੱਚ ਬਹੁਤ ਸਖ਼ਤੀ ਨਾਲ ਸਪੱਸ਼ਟ ਕੀਤਾ ਗਿਆ ਹੈ ਕਿ ਜੇ ਕੋਈ ਸਰਕਾਰੀ ਮੁਲਾਜ਼ਮ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਦਾ ਪਾਇਆ ਗਿਆ, ਤਾਂ ਉਸ ਵਿਰੁੱਧ ਅਨੁਸ਼ਾਸਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਇਸ ਹੁਕਮ ਦੀ ਪਾਲਣਾ ਲਈ ਕਾਪੀਆਂ ਫ਼ਾਜ਼ਿਲਕਾ ਦੇ ਸਾਰੇ ਮੁੱਖ ਅਧਿਕਾਰੀਆਂ; ਜਿਵੇਂ ਵਧੀਕ ਡਿਪਟੀ ਕਮਿਸ਼ਨਰ (ਜਨਰਲ), ਸਹਾਇਕ ਕਮਿਸ਼ਨਰ (ਜ), ਜ਼ਿਲ੍ਹਾ ਮਾਲ ਅਧਿਕਾਰੀ, ਸਮੂਹ ਉੱਪ ਮੰਡਲ ਮੈਜਿਸਟ੍ਰੇਟ, ਤਹਿਸਲਦਾਰਾਂ, ਸੁਪਰਇੰਟੈਂਡੈਂਟ ਗਰੇਡ–2 (ਜਨਰਲ ਅਤੇ ਮਾਲ), ਨਿਜੀ ਸਹਾਇਕਾਂ, ਸਟੈਨੋ ਟੂ ਡੀਸੀ ਤੇ ਏਡੀਸੀ ਅਤੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਹੋਰ ਸਾਰੇ ਕਰਮਚਾਰੀਆਂ ਨੂੰ ਭੇਜੀਆਂ ਗਈਆਂ ਹਨ।
ਸ੍ਰੀ ਮਨਪ੍ਰੀਤ ਸਿੰਘ ਛਤਵਾਲ ਦਾ ਇਹ ਹੁਕਮ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਗਿਆ ਹੈ। ਲੋਕ ਕਈ ਤਰ੍ਹਾਂ ਦੀਆਂ ਪੁੱਠੀਆਂ–ਸਿੱਧੀਆਂ ਟਿੱਪਣੀਆਂ ਕਰ ਰਹੇ ਹਨ।