World

11 ਸਾਲਾ ਮੁੰਡੇ ਨੇ ਤੰਬੂ ‘ਚ ਸੌਂ ਕੇ ਸੰਸਥਾ ਲਈ ਇਕੱਠੇ ਕੀਤੇ ਲੱਖਾਂ ਪੌਂਡ, ਲੋਕ ਕਰ ਰਹੇ ਸ਼ਲਾਘਾ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਯੂਕੇ ਦੇ ਬ੍ਰਾਉਂਟਨ (ਡੇਵੋਨ) ਇਲਾਕੇ ਦੇ ਇੱਕ 11 ਸਾਲਾ ਮੁੰਡੇ ਨੇ ਆਪਣੇ ਘਰ ਦੇ ਬਗੀਚੇ ਵਿੱਚ ਤੰਬੂ ‘ਚ ਇੱਕ ਸਾਲ ਸੌਂ ਕੇ ਸਿਹਤ ਸੰਭਾਲ ਸੰਸਥਾ ਲਈ ਤਕਰੀਬਨ 440,000 ਪੌਂਡ ਇਕੱਠੇ ਕੀਤੇ ਹਨ। 11 ਸਾਲਾ ਮੈਕਸ ਵੂਜ਼ੀ 28 ਮਾਰਚ, 2020 ਤੋਂ ਲੈ ਕੇ ਹਰ ਰਾਤ ਇੱਕ ਤੰਬੂ ਵਿੱਚ ਰਿਹਾ ਹੈ, ਇੱਥੋਂ ਤੱਕ ਕਿ ਕ੍ਰਿਸਮਸ, ਆਪਣਾ ਜਨਮਦਿਨ ਅਤੇ ਸਰਦੀਆਂ ਦੇ ਤੂਫਾਨਾਂ ਵਿੱਚ ਵੀ ਉਸਨੇ ਰਾਤਾਂ ਤੰਬੂ ਵਿੱਚ ਹੀ ਗੁਜਾਰੀਆਂ ਹਨ। 

ਮੈਕਸ ਦੀ “ਜਸਟ ਗਿਵਿੰਗ ਮੁਹਿੰਮ” ਉਸ ਦੇ ਦੋਸਤ ਅਤੇ ਗੁਆਂਢੀ ਰਿਕ ਦੁਆਰਾ ਪ੍ਰੇਰਿਤ ਕੀਤੀ ਗਈ ਸੀ, ਜਿਸ ਦੀ ਕਿ ਫਰਵਰੀ ਵਿੱਚ ਕੈਂਸਰ ਨਾਲ ਮੌਤ ਹੋ ਗਈ ਸੀ। ਰਿਕ ਨੇ ਮਰਨ ਤੋਂ ਪਹਿਲਾਂ ਮੈਕਸ ਨੂੰ ਆਪਣਾ ਤੰਬੂ ਤੋਹਫ਼ੇ ਵਜੋਂ ਦਿੱਤਾ।ਸ਼ਨੀਵਾਰ ਨੂੰ ਉਸ ਦੀ ਮੁਹਿੰਮ ਦਾ ਆਖਰੀ ਦਿਨ ਸੀ ਅਤੇ ਇਸ ਵਜ੍ਹਾ ਕਰਕੇ ਦੁਨੀਆ ਭਰ ਦੇ ਬੱਚਿਆਂ ਨੂੰ ਮੈਕਸ ਦੇ ਕੈਂਪ ਆਊਟ ਦੇ ਹਿੱਸੇ ਵਜੋਂ ਬਗੀਚਿਆਂ ਵਿੱਚ ਰਹਿਣ ਲਈ ਸੱਦਾ ਦਿੱਤਾ ਜਾ ਰਿਹਾ ਹੈ। 

ਮੈਕਸ ਦੀ ਇਸ ਮੁਹਿੰਮ ਕਰਕੇ ਇਕੱਠੀ ਹੋਈ ਰਕਮ ਉੱਤਰੀ ਡੇਵੋਨ ਸਿਹਤ ਸੰਸਥਾ ਨੂੰ ਦਿੱਤੀ ਜਾਵੇਗੀ, ਜਿਸ ਨੇ ਰਿਕ ਅਤੇ ਉਸ ਦੀ ਪਤਨੀ ਦੀ ਉਹਨਾਂ ਦੇ ਅੰਤਿਮ ਦਿਨਾਂ ‘ਚ ਦੇਖਭਾਲ ਕੀਤੀ ਸੀ। ਮੈਕਸ ਦੀ ਮੁਹਿੰਮ ਕੁਝ ਪੌਂਡ ਇਕੱਠੇ ਕਰਨ ਲਈ ਸ਼ੁਰੂ ਹੋਈ ਸੀ ਪਰ ਇਸ ਨੂੰ ਲੋਕਾਂ ਵੱਲੋਂ ਬਹੁਤ ਸਹਿਯੋਗ ਮਿਲਿਆ।ਮੈਕਸ ਦੇ ਇਸ ਨੇਕ ਕੰਮ ਦੀ ਲੋਕਾਂ ਵੱਲੋਂ ਕਾਫੀ ਸ਼ਲਾਘਾ ਕੀਤੀ ਜਾ ਰਹੀ ਹੈ।