India News

26 ਜਨਵਰੀ ਹਿੰਸਾ: ਹਜੂਮ ਦਾ ਇਰਾਦਾ ਲਾਲ ਕਿਲ੍ਹੇ ਨੂੰ ਕਿਸਾਨ ਅੰਦੋਲਨ ਦੇ ਨਵੇਂ ਮੋਰਚੇ ਵਿੱਚ ਤਬਦੀਲ ਕਰਨ ਦਾ ਸੀ

ਨਵੀਂ ਦਿੱਲੀ, 27 ਮਈ

ਦਿੱਲੀ ਪੁਲੀਸ ਨੇ 26 ਜਨਵਰੀ ਨੂੰ ਲਾਲ ਕਿਲ੍ਹੇ ਵਿੱਚ ਹੋਈ ਹਿੰਸਾ ਮਾਮਲੇ ਵਿੱਚ ਦਾਖ਼ਲ ਆਪਣੀ ਚਾਰਜਸ਼ੀਟ ਵਿੱਚ ਦਾਅਵਾ ਕੀਤਾ ਹੈ ਕਿ ਕਿਸਾਨਾਂ ਨੇ ਇਹ ਸਾਰੀ ਸਾਜ਼ਿਸ਼ ਮਹਿਜ਼ ਇਸ ਲਈ ਘੜੀ ਤਾਂ ਕਿ ਲਾਲ ਕਿਲ੍ਹੇ ’ਤੇ ਕਬਜ਼ਾ ਕਰਕੇ ਇਸ ਨੂੰ ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਧਰਨੇ ਪ੍ਰਦਰਸ਼ਨਾਂ ਦੀ ਨਵੀਂ ਥਾਂ ਵਿੱਚ ਤਬਦੀਲ ਕੀਤਾ ਜਾ ਸਕੇ। ਸੂਤਰਾਂ ਨੇ ਕਿਹਾ ਕਿ ਪੁਲੀਸ ਦੀ ਇਸ ਚਾਰਜਸ਼ੀਟ ਵਿੱਚ ਇਹ ਦਾਅਵਾ ਵੀ ਕੀਤਾ ਗਿਆ ਹੈ ਕਿ ਲਾਲ ਕਿਲ੍ਹਾ ਹਿੰਸਾ ‘ਡੂੰਘੀ ਤੇ ਸੋਚੀ ਸਮਝੀ ਸਾਜ਼ਿਸ਼’ ਦਾ ਹਿੱਸਾ ਸੀ ਤੇ ਗਣਤੰਤਰ ਦਿਵਸ ਜਿਹੇ ਮੌਕੇ ਨੂੰ ਇਸ ਲਈ ਚੁਣਿਆ ਗਿਆ ਤਾਂ ਕਿ ਕੇਂਦਰ ਸਰਕਾਰ ਦੀ ਘਰ ਦੇ ਅੰਦਰ ਤੇ ਬਾਹਰ ਦਿੱਖ ਨੂੰ ਖਰਾਬ ਕੀਤਾ ਜਾ ਸਕੇ। ਸੂਤਰਾਂ ਨੇ ਕਿਹਾ ਕਿ ਪੁਲੀਸ ਨੇ ਆਪਣੇ ਇਸ ਦਾਅਵੇ ਦੀ ਪੁਸ਼ਟੀ ਲਈ ਦਿੱਲੀ ਵਿੱਚ ਤਜਵੀਜ਼ਤ ਟਰੈਕਟਰ ਰੈਲੀ ਤੋਂ ਐਨ ਪਹਿਲਾਂ ਹਰਿਆਣਾ ਤੇ ਪੰਜਾਬ ਵਿੱਚ ਯਕਦਮ ਟਰੈਕਟਰ ਤੇ ਟਰਾਲੀਆਂ ਦੀ ਖਰੀਦ ਵਿੱਚ ਇਜ਼ਾਫ਼ੇ ਦਾ ਅੰਕੜਾ ਵੀ ਕੋਰਟ ਅੱਗੇ ਰੱਖਿਆ ਹੈ। ਦਿੱਲੀ ਪੁਲੀਸ ਨੇ ਇਹ ਦੋਸ਼ ਪੱਤਰ 17 ਮਈ ਨੂੰ ਤੀਸ ਹਜ਼ਾਰੀ ਕੋਰਟ ਵਿੱਚ ਦਾਖ਼ਲ ਕੀਤਾ ਸੀ। ਇਸ ਕੇਸ ’ਤੇ ਭਲਕੇ 28 ਮਈ ਨੂੰ ਸੁਣਵਾਈ ਹੋਣੀ ਹੈ।