India News

26/11 ਪਿੱਛੋਂ ਭਾਰਤੀ ਹਵਾਈ ਫ਼ੌਜ ਪਾਕਿ ’ਤੇ ਹਮਲੇ ਲਈ ਤਿਆਰ ਸੀ ਪਰ…: ਬੀਐੱਸ ਧਨੋਆ

ਨਵੀਂ ਦਿੱਲੀ-ਭਾਰਤੀ ਹਵਾਈ ਫ਼ੌਜ ਦੇ ਸਾਬਕਾ ਮੁਖੀ ਬੀਐੱਸ ਧਨੋਆ ਨੇ ਕਿਹਾ ਹੈ ਕਿ 2008 ’ਚ 26 ਨਵੰਬਰ ਨੂੰ ਮੁੰਬਈ ਉੱਤੇ ਅੱਤਵਾਦੀ ਹਮਲਿਆਂ ਤੋਂ ਬਾਅਦ ਸਾਡੀ ਪਾਕਿਸਤਾਨ ਉੱਤੇ ਹਵਾਈ ਹਮਲੇ ਦੀ ਪੂਰੀ ਤਿਆਰੀ ਸੀ ਪਰ ਉਦੋਂ ਦੀ ਯੂਪੀਏ ਸਰਕਾਰ ਨੇ ਇਸ ਦੀ ਇਜਾਜ਼ਤ ਹੀ ਨਹੀਂ ਸੀ ਦਿੱਤੀ। ਇਹ ਗੱਲ ਉਨ੍ਹਾਂ VJTI ਦੇ ਸਾਲਾਨਾ ਸਮਾਰੋਹ ‘ਟੈਕਨੋਵਾਂਜਾ’ ਦੌਰਾਨ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਆਖੀ।

31 ਦਸੰਬਰ, 2016 ਤੋਂ ਲੈ ਕੇ 30 ਸਤੰਬਰ, 2019 ਤੱਕ ਭਾਰਤੀ ਹਵਾਈ ਫ਼ੌਜ ਦੇ ਮੁਖੀ ਰਹੇ ਸ੍ਰੀ ਧਨੋਆ ਨੇ ਕਿਹਾ ਕਿ – ‘ਅਸੀਂ ਜਾਣਦੇ ਸਾਂ ਕਿ ਪਾਕਿਸਤਾਨ ਵਿੱਚ ਅੱਤਵਾਦੀ ਕੈਂਪ ਕਿੱਥੇ–ਕਿੱਥੇ ਹਨ ਤੇ ਅਸੀਂ ਪੂਰੀ ਤਰ੍ਹਾਂ ਤਿਆਰ ਸਾਂ। ਪਰ ਉਹ ਹਵਾਈ ਹਮਲਾ ਕਰਨਾ ਜਾਂ ਨਾ ਕਰਨਾ ਇੱਕ ਸਿਆਸੀ ਫ਼ੈਸਲਾ ਸੀ’

ਇੱਥੇ ਵਰਨਣਯੋਗ ਹੈ ਕਿ ਸ੍ਰੀ ਧਨੋਆ ਤੋਂ ਬਾਅਦ ਹੁਣ ਦੇਸ਼ ਦੀ ਹਵਾਈ ਫ਼ੌਜ ਦੇ ਏਅਰ ਚੀਫ਼ ਮਾਰਸ਼ਲ ਰਾਕੇਸ਼ ਕੁਮਾਰ ਸਿੰਘ ਭਦੌਰੀਆ ਹਨ।

‘ਟਾਈਮਜ਼ ਆੱਫ਼ ਇੰਡੀਆ’ ਦੀ ਰਿਪੋਰਟ ਮੁਤਾਬਕ ਸ੍ਰੀ ਬੀਐੱਸ ਧਨੋਆ ਨੇ ਅੱਗੇ ਕਿਹਾ ਕਿ ਦਸੰਬਰ 2001 ’ਚ ਸੰਸਦ ਉੱਤੇ ਹੋਏ ਹਮਲੇ ਤੋਂ ਬਾਅਦ ਭਾਰਤੀ ਹਵਾਈ ਫ਼ੌਜ ਨੇ ਹਵਾਈ ਹਮਲੇ ਰਾਹੀਂ ਪਾਕਿਸਤਾਨ ਨੂੰ ਸਬਕ ਸਿਖਾਉਣ ਦਾ ਪ੍ਰਸਤਾਵ ਰੱਖਿਆ ਸੀ ਪਰ ਉਸ ਨੂੰ ਪ੍ਰਵਾਨ ਨਹੀਂ ਕੀਤਾ ਗਿਆ। ਸ੍ਰੀ ਧਨੋਆ ਨੇ ਕਿਹਾ ਕਿ ਪਾਕਿਸਤਾਨ ਸਦਾ ਆਪਣੀ ਜਨਤਾ ਵਿੱਚ ਭਾਰਤ ਤੋਂ ਖ਼ਤਰੇ ਦਾ ਝੂਠਾ ਡਰ ਬਣਾ ਕੇ ਰੱਖਦਾ ਹੈ। ਉਨ੍ਹਾਂ ਕਿਹਾ  ਕਿ ਉਹ ਕਸ਼ਮੀਰ ਮੁੱਦੇ ਨੂੰ ਵੀ ਜਾਣਬੁੱਝ ਕੇ ਭਖਾ ਕੇ ਰੱਖਦਾ ਹੈ। ਉਹ ਐਂਵੇਂ ਹੀ ਕੂੜ ਪ੍ਰਚਾਰ ਦੀ ਜੰਗ ਵਿੱਚ ਸ਼ਾਮਲ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਹਵਾਈ ਫ਼ੌਜ ਵਿੱਚ ਛੋਟੀਆਂ ਜੰਗਾਂ ਤੇਜ਼ ਰਫ਼ਤਾਰ ਨਾਲ ਲੜਨ ਦੀ ਸਮਰੱਥਾ ਹੈ। ਸ੍ਰੀ ਧਨੋਆ ਨੇ ਕਿਹਾ ਕਿ ਭਵਿੱਖ ਦੀ ਕੋਈ ਵੀ ਜੰਗ ਜ਼ਮੀਨ ਦੇ ਨਾਲ–ਨਾਲ ਹਵਾ, ਸਮੁੰਦਰ ਤੇ ਪੁਲਾੜ ’ਚ ਹੋਵੇਗੀ।