India News

4 ਦੇਸ਼ਾਂ ਦੀ ਯਾਤਰਾ ‘ਤੇ ਰਵਾਨਾ ਹੋਈ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ

ਨਵੀਂ ਦਿੱਲੀ— ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅੱਜ ਭਾਵ ਐਤਵਾਰ ਨੂੰ ਇਟਲੀ, ਫਰਾਂਸ, ਲਕਜ਼ਮਬਰਗ ਅਤੇ ਬੈਲਜੀਅਮ ਦੀ ਯਾਤਰਾ ‘ਤੇ ਰਵਾਨਾ ਹੋ ਗਈ ਹੈ, ਜਿਸ ਦਾ ਉਦੇਸ਼ ਯੂਰਪੀ ਦੇਸ਼ਾਂ ਨਾਲ ਭਾਰਤ ਦੇ ਕੂਟਨੀਤਕ ਸੰਬੰਧਾਂ ਨੂੰ ਮਜ਼ਬੂਤ ਕਰਨਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਟਵੀਟ ਕੀਤਾ ਕਿ ਯੂਰਪ ਨਾਲ ਸੰਬੰਧਾਂ ਨੂੰ ਮਜ਼ਬੂਤ ਬਣਾਉਣ ਦੀ ਪਹਿਲ ਤਹਿਤ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ 17 ਤੋਂ 23 ਜੂਨ ਤੱਕ 4 ਦੇਸ਼ ਇਟਲੀ, ਫਰਾਂਸ, ਲਕਜ਼ਮਬਰਗ ਅਤੇ ਬੈਲਜੀਅਮ ਦੀ ਯਾਤਰਾ ‘ਤੇ ਰਵਾਨਾ ਹੋਈ।
ਇਸ ਤੋਂ ਪਹਿਲਾਂ ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਸੁਸ਼ਮਾ ਦੀ ਇਸ ਯਾਤਰਾ ਦਾ ਉਦੇਸ਼ ਸਿਆਸੀ ਲੀਡਰਸ਼ਿਪ ਨਾਲ ਗਲੋਬਲ, ਖੇਤਰੀ ਅਤੇ ਦੋ-ਪੱਖੀ ਮੁੱਦਿਆਂ ‘ਤੇ ਵਿਆਪਕ ਗੱਲਬਾਤ ਕਰਨਾ ਅਤੇ ਯੂਰਪੀ ਸੰਘ ਨਾਲ ਕੂਟਨੀਤਕ ਸੰਬੰਧਾਂ ਨੂੰ ਮਜ਼ਬੂਤ ਕਰਨਾ ਹੈ। ਸੁਸ਼ਮਾ ਪਹਿਲੇ ਇਟਲੀ ਦੇ ਦੌਰੇ ‘ਤੇ ਜਾ ਰਹੀ ਹੈ, ਜਿੱਥੇ ਉਹ ਉੱਥੋਂ ਦੇ ਪ੍ਰਧਾਨ ਮੰਤਰੀ ਅਤੇ ਹੋਰ ਨੇਤਾਵਾਂ ਨਾਲ ਮੁਲਾਕਾਤ ਕਰੇਗੀ। ਇਟਲੀ ਦੇ ਪ੍ਰਧਾਨ ਮੰਤਰੀ ਗੁਈਸੇਪ ਕੋਂਟੇ ਨਾਲ ਦੋਹਾਂ ਦੇਸ਼ਾਂ ਵਿਚਾਲੇ ਪਹਿਲੀ ਵੱਡੀ ਸਿਆਸੀ ਗੱਲਬਾਤ ਹੋਵੇਗੀ। ਸੁਸ਼ਮਾ ਕੋਂਟੇ ਅਤੇ ਆਪਣੇ ਹਮਰੁਤਬਾ ਐਨਜੋ ਮੋਵਾਵੇਰੋ ਮਿਲਾਨੇਸੀ ਨੂੰ ਵੀ ਮਿਲੇਗੀ। ਇਸ ਤੋਂ ਬਾਅਦ ਵਿਦੇਸ਼ ਮੰਤਰੀ 18-19 ਜੂਨ ਨੂੰ ਫਰਾਂਸ ਜਾਵੇਗੀ। ਉਹ 19-20 ਜੂਨ ਨੂੰ ਲਕਜ਼ਮਬਰਗ ਅਤੇ 20-23 ਜੂਨ ਨੂੰ ਬੈਲਜੀਅਨ ਦੇ ਦੌਰੇ ‘ਤੇ ਜਾਵੇਗੀ।