Menu

68 ਫੀਸਦੀ ਪਾਕਿਸਤਾਨੀ ਜਨਤਾ ਦੀ ਰਾਏ, ਭਾਰਤ ਨਾਲ ਗੱਲਬਾਤ ਜ਼ਰੀਏ ਸੁਲਝਾਇਆ ਜਾਵੇ ਵਿਵਾਦ

ਇਸਲਾਮਾਬਾਦ— ਬੀਤੇ ਸਾਲ ਜੰਮੂ-ਕਸ਼ਮੀਰ ਦੇ ਉੜੀ ‘ਚ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦੇ ਆਪਸੀ ਰਿਸ਼ਤੇ ਹੋਰ ਜ਼ਿਆਦਾ ਵਿਗੜ ਗਏ, ਜਿਸ ਕਾਰਨ ਦੋਹਾਂ ਦੇਸ਼ਾਂ ਵਿਚਾਲੇ ਸਰਹੱਦ ‘ਤੇ ਵੀ ਤਣਾਅ ਕਾਫੀ ਵਧ ਗਿਆ। ਅਜਿਹਾ ਲੱਗਣ ਲੱਗਾ ਸੀ ਕਿ ਸ਼ਾਇਦ ਨੌਬਤ ਜੰਗ ਤੱਕ ਪਹੁੰਚ ਜਾਵੇਗੀ। ਦੋਹਾਂ ਦੇਸ਼ਾਂ ਦੇ ਇੰਨੇ ਖਰਾਬ ਮਾਹੌਲ ਦੇ ਬਾਵਜੂਦ ਪਾਕਿਸਤਾਨ ਦੀ ਜਨਤਾ ਭਾਰਤ ਨਾਲ ਗੱਲਬਾਤ ਕਰ ਕੇ ਵਿਵਾਦ ਸੁਲਝਾਉਣ ਦੇ ਪੱਖ ‘ਚ ਹੈ। ਇਹ ਗੱਲ ਇਕ ਤਾਜ਼ਾ ਸਰਵੇ ‘ਚ ਸਾਹਮਣੇ ਆਈ ਹੈ। ਤਕਰੀਬਨ 68 ਫੀਸਦੀ ਪਾਕਿਸਤਾਨੀ ਨਾਗਰਿਕ ਚਾਹੁੰਦੇ ਹਨ ਕਿ ਭਾਰਤ ਅਤੇ ਪਾਕਿਸਤਾਨ ਆਪਸੀ ਗੱਲਬਾਤ ਜ਼ਰੀਏ ਹੀ ਦੁਸ਼ਮਣੀ ਨੂੰ ਸੁਲਝਾ ਸਕਦੇ ਹਨ।
ਗਿਲਾਨੀ ਰਿਸਰਚ ਫਾਊਂਡੇਸ਼ਨ ਨੇ ਇਸ ਸਰਵੇ ਦੇ ਨਤੀਜਿਆਂ ਨੂੰ ਪ੍ਰਕਾਸ਼ਤ ਕੀਤਾ ਹੈ। ਇਹ ਸਰਵੇਖਣ ਗੈਲਪ ਇੰਟਰਨੈਸ਼ਨਲ ਨਾਲ ਸੰਬੰਧਤ ਗੈਲਪ ਪਾਕਿਸਤਾਨ ਵਲੋਂ ਕਰਾਇਆ ਗਿਆ ਹੈ। ਸਰਵੇ ‘ਚ 1,835 ਪੁਰਸ਼ਾਂ ਅਤੇ ਔਰਤਾਂ ਨੂੰ ਸ਼ਾਮਲ ਕੀਤਾ ਗਿਆ। ਇਹ ਸਾਰੇ ਪਾਕਿਸਤਾਨ ਦੇ 4 ਸੂਬਿਆਂ— ਪੰਜਾਬ, ਸਿੰਘ, ਬਲੋਚਿਸਤਾਨ ਅਤੇ ਖੈਬਰ-ਪਖਤੂਨਖਵਾ ਦੇ ਰਹਿਣ ਵਾਲੇ ਹਨ। ਸਰਵੇ ਵਿਚ ਸ਼ਾਮਲ ਹੋਏ ਸਾਰੇ ਲੋਕਾਂ ਤੋਂ ਬਸ ਇਕੋ ਸਵਾਲ ਪੁੱਛਿਆ, ਉਨ੍ਹਾਂ ਤੋਂ ਪੁੱਛਿਆ ਗਿਆ ਕਿ ਉਹ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਣ ਵਾਲੀ ਗੱਲਬਾਤ ਦੇ ਪੱਖ ‘ਚ ਹਨ ਜਾਂ ਇਸ ਦੇ ਵਿਰੋਧ ‘ਚ। ਇਹ ਸਰਵੇ 26 ਸਤੰਬਰ ਤੋਂ 3 ਅਕਤੂਬਰ 2016 ਵਿਚਾਲੇ ਕਰਾਇਆ ਗਿਆ। 68 ਫੀਸਦੀ ਲੋਕਾਂ ਨੇ ਦੋਹਾਂ ਦੇਸ਼ਾਂ ਵਿਚਾਲੇ ਸਲਾਹ-ਮਸ਼ਵਰੇ ਨਾਲ ਆਪਸੀ ਵਿਵਾਦ ਸੁਲਝਾਉਣ ਦੀ ਪਹਿਲ ਨੂੰ ਆਪਣਾ ਸਮਰਥਨ ਦਿੱਤਾ। ਤਕਰੀਬਨ 31 ਫੀਸਦੀ ਲੋਕਾਂ ਨੇ ਭਾਰਤ ਨਾਲ ਗੱਲਬਾਤ ਦਾ ਵਿਰੋਧ ਕੀਤਾ, ਜਦਕਿ 1 ਫੀਸਦੀ ਲੋਕਾਂ ਨੇ ਕੋਈ ਰਾਏ ਨਹੀਂ ਦਿੱਤੀ।