World

77 ਸਾਲਾਂ ਕੈਨੇਡੀਅਨ ਅਮਰੀਕਾ ‘ਚ ਮਾਰੀਜੁਆਨਾ ਦੀ ਤਸਕਰੀ ਦੇ ਦੋਸ਼ਾਂ ਹੇਠ ਗ੍ਰਿਫਤਾਰ

ਨਿਊਯਾਰਕ/ਓਟਾਵਾ— ਅਮਰੀਕੀ ਸਰਕਾਰੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ 77 ਸਾਲਾਂ ਇਕ ਕੈਨੇਡੀਅਨ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ, ਜੋ ਕਿ ਆਪਣੀ ਕਾਰ ਰਾਹੀਂ ਅਮਰੀਕਾ-ਕੈਨੇਡਾ ਸਰਹੱਦ ‘ਤੇ ਮਾਰੀਜੁਆਨਾ ਦੀ ਤਸਕਰੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਪੁਲਸ ਨੇ ਦੋਸ਼ੀ ਦੀ ਕਾਰ ‘ਚੋਂ ਹਾਕੀ ਦੇ ਬੈਗ ਬਰਾਮਦ ਕੀਤੇ, ਜਿਨ੍ਹਾਂ ‘ਚੋਂ ਕਰੀਬ 50 ਕਿਲੋ ਮਾਰੀਜੁਆਨਾ ਬਰਾਮਦ ਕੀਤੀ ਗਈ।
ਸਰਕਾਰੀ ਵਕੀਲ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਉਨ੍ਹਾਂ ਨੇ ਕੈਨੇਡਾ ਦੇ ਨੇਰੀਓ ਫੋਗਾਜ਼ੀ ਨੂੰ 21 ਮਈ ਨੂੰ ਅਮਰੀਕਾ ‘ਚ ਦਾਖਲ ਹੁੰਦੇ ਸਮੇਂ ਗ੍ਰਿਫਤਾਰ ਕੀਤਾ। ਦੋਸ਼ੀ ਫੋਰਟ ਐਰੀ, ਓਨਟਾਰੀਓ ਤੋਂ ਨਿਊਯਾਰਕ ਜਾ ਰਿਹਾ ਸੀ। ਉਨ੍ਹਾਂ ਕਿਹਾ ਕਿ ਫੋਗਾਜ਼ੀ ਨੇ ਕਸਟਮ ਅਧਿਕਾਰੀਆਂ ਨੂੰ ਦੱਸਿਆ ਕਿ ਉਹ ਯੂ.ਐਸ. ਦੀ ਇਕ ਦੁਕਾਨ ‘ਤੇ ਜਾ ਰਿਹਾ ਹੈ ਪਰ ਉਸ ਨੇ ਦੁਕਾਨ ਦਾ ਨਾਂ ਨਹੀਂ ਦੱਸਿਆ। ਇਸ ਤੋਂ ਬਾਅਦ ਅਧਿਕਾਰੀਆਂ ਨੇ ਫੋਗਾਜ਼ੀ ਦੀ ਕਾਰ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਨੇ ਕਾਰ ‘ਚੋਂ 104 ਪਾਊਂਡ (47 ਕਿਲੋ) ਮਾਰੀਜੁਆਨਾ ਹਾਕੀ ਦੇ ਬੈਗਾਂ ਤੇ ਇਕ ਸਪੇਅਰ ਟਾਇਰ ‘ਚੋਂ ਬਰਾਮਦ ਕੀਤੀ।
ਇਸ ਤੋਂ ਬਾਅਦ ਫੋਗਾਜ਼ੀ ਨੂੰ ਕੈਨੇਡਾ ਤੋਂ ਅਮਰੀਕਾ ‘ਚ ਮਾਰੀਜੁਆਨਾ ਲਿਆਉਣ ਦੇ ਦੋਸ਼ਾਂ ਹੇਠ ਗ੍ਰਿਫਤਾਰ ਕਰ ਲਿਆ ਗਿਆ। ਅਧਿਕਾਰੀਆਂ ਨੂੰ ਫੋਗਾਜ਼ੀ ਬਾਰੇ ਅਜੇ ਵਧੇਰੇ ਜਾਣਕਾਰੀ ਨਹੀਂ ਮਿਲ ਸਕੀ ਹੈ।