UK News

UK ਨੇ ਵਿਦਿਆਰਥੀਆਂ ਨੂੰ ਪੋਸਟ-ਸਟੱਡੀ ਵਰਕ ਵੀਜ਼ਾ ‘ਚ ਦਿੱਤੀ ਵੱਡੀ ਰਾਹਤ

ਲੰਡਨ- ਯੂ. ਕੇ. ਨੇ ਮਹਾਮਾਰੀ ਵਿਚਕਾਰ ਪੋਸਟ-ਸਟੱਡੀ ਵਰਕ (ਪੀ. ਐੱਸ. ਡਬਲਿਊ.) ਵੀਜ਼ਾ ਵਿਚ ਵੱਡੀ ਰਾਹਤ ਦਿੱਤੀ ਹੈ, ਜਿਸ ਦਾ ਸਭ ਤੋਂ ਵੱਧ ਫਾਇਦਾ ਭਾਰਤੀ ਵਿਦਿਆਰਥੀਆਂ ਨੂੰ ਹੋਵੇਗਾ। ਪਿਛਲੇ ਕੁਝ ਸਾਲਾਂ ਵਿਚ ਬ੍ਰਿਟਿਸ਼ ਯੂਨੀਵਰਸਿਟੀਆਂ ਵਿਚ ਦਾਖ਼ਲਾ ਲੈਣ ਵਾਲੇ ਵਿਦੇਸ਼ੀ ਵਿਦਿਆਰਥੀਆਂ ਵਿਚ ਵੱਡੀ ਗਿਣਤੀ ਵਿਚ ਭਾਰਤੀ ਰਹੇ ਹਨ।

ਪੀ. ਐੱਸ. ਡਬਲਿਊ. ਵੀਜ਼ਾ ਤਹਿਤ ਵਿਦੇਸ਼ੀ ਵਿਦਿਆਰਥੀ ਪੜ੍ਹਾਈ ਪੂਰੀ ਕਰਨ ਪਿੱਛੋਂ ਦੋ ਸਾਲ ਤੱਕ ਇੱਥੇ ਕੰਮ ਕਰ ਸਕਦੇ ਹਨ ਜਾਂ ਕੰਮ ਦੀ ਭਾਲ ਕਰ ਸਕਦੇ ਹਨ। ਪੀ. ਐੱਸ. ਡਬਲਿਊ. ਵੀਜ਼ਾ ਤਹਿਤ ਯੋਗਤਾ ਪ੍ਰਾਪਤ ਕਰਨ ਦੀ ਸੀਮਾ 27 ਸਤੰਬਰ ਤੱਕ ਵਧਾ ਦਿੱਤੀ ਗਈ ਹੈ। ਇਸ ਨੂੰ ਪਿਛਲੇ ਸਾਲ ਯੂ. ਕੇ. ਦੀ ਗ੍ਰਹਿ ਮੰਤਰੀ ਪਟੇਲ ਨੇ ਸ਼ੁਰੂ ਕੀਤਾ ਸੀ।

ਲਾਕਡਾਊਨ ਦੀ ਵਜ੍ਹਾ ਦੇਖਦੇ ਹੋਏ ਪਹਿਲਾਂ ਇਸ ਦੀ ਸੀਮਾ 21 ਜੂਨ ਤੱਕ ਸੀ। ਪਿਛਲੇ ਹਫ਼ਤੇ ਹੀ ਗ੍ਰਹਿ ਮੰਤਰਾਲਾ ਨੇ ਦਿਸ਼ਾ-ਨਿਰਦੇਸ਼ਾਂ ਵਿਚ ਸੋਧ ਕਰਕੇ ਇਹ ਸੀਮਾ 27 ਸਤੰਬਰ ਤੱਕ ਵਧਾ ਦਿੱਤੀ ਹੈ। ਬ੍ਰਿਟੇਨ ਨੇ ਕੋਰੋਨਾ ਕਾਰਨ 23 ਅਪ੍ਰੈਲ ਤੋਂ ਭਾਰਤ ਤੋਂ ਯਾਤਰਾ ਪਾਬੰਦੀ ਲਾਈ ਹੋਈ ਹੈ। ਹਾਲਾਂਕਿ, ਵੈਲਿਡ ਵੀਜ਼ਾ ਵਾਲੇ ਵਿਦਿਆਰਥੀਆਂ ਨੂੰ ਆਉਣ ਦੀ ਮਨਜ਼ੂਰੀ ਹੈ ਪਰ ਬ੍ਰਿਟੇਨ ਪਹੁੰਚਣ ‘ਤੇ ਲਾਜ਼ਮੀ ਤੌਰ ‘ਤੇ 10 ਦਿਨਾਂ ਲਈ ਹੋਟਲ ਵਿਚ ਇਕਾਂਤਵਾਸ ਹੋਣਾ ਜ਼ਰੂਰੀ ਹੈ ਅਤੇ ਇਸ ‘ਤੇ ਤਕਰੀਬਨ 1,750 ਪੌਂਡ ਦਾ ਵਾਧੂ ਖ਼ਰਚਾ ਆਉਂਦਾ ਹੈ।

 

ਉੱਥੇ ਹੀ, ‘ਪੋਸਟ ਸਟੱਡੀ ਵਰਕ ਵੀਜ਼ਾ’ ਵਿਚ ਰਾਹਤ ਲਈ ਸੰਘਰਸ਼ ਕਰਨ ਵਾਲੇ ‘ਦਿ ਨੈਸ਼ਨਲ ਇੰਡੀਅਨ ਸਟੂਡੈਂਟਸ ਐਂਡ ਐਲੂਮਨੀ ਯੂਨੀਅਨ ਯੂ. ਕੇ. (ਐੱਨ. ਆਈ. ਐੱਸ. ਏ. ਯੂ.)’ ਦੀ ਪ੍ਰਧਾਨ ਸਨਮ ਅਰੋੜਾ ਨੇ ਕਿਹਾ, ”ਸਾਨੂੰ ਖ਼ੁਸ਼ੀ ਹੈ ਕਿ ਗ੍ਰਹਿ ਮੰਤਰਾਲਾ ਨੇ ਸਾਡੀ ਬੇਨਤੀ ਨੂੰ ਸਵੀਕਾਰ ਕੀਤਾ ਹੈ ਅਤੇ ਇਸ ਨਾਲ ਕਈ ਵਿਦਿਆਰਥੀਆਂ ਨੂੰ ਬਹੁਤ ਮਦਦ ਮਿਲੇਗੀ, ਜੋ ਅਜੇ ਭਾਰਤ ਵਿਚ ਕੋਵਿਡ ਦੀ ਸਥਿਤੀ ਨੂੰ ਦੇਖਦੇ ਹੋਏ ਯਾਤਰਾ ਕਰਨ ਵਿਚ ਅਸਮਰਥ ਹਨ।” ਗੌਰਤਲਬ ਹੈ ਕਿ ਬ੍ਰਿਟੇਨ ਦੀ ਤਤਕਾਲ ਗ੍ਰਹਿ ਮੰਤਰੀ ਟੈਰੀਜ਼ਾ ਦੇ ਕਾਰਜਕਾਲ ਵਿਚ ਦੋ ਸਾਲ ਪੋਸਟ ਸਟੱਡੀ ਵੀਜ਼ਾ ਬੰਦ ਕਰ ਦਿੱਤਾ ਗਿਆ ਸੀ। ਇਸ ਕਦਮ ਨਾਲ ਬ੍ਰਿਟੇਨ ਵਿਚ ਭਾਰਤ ਵਰਗੇ ਦੇਸ਼ਾਂ ਤੋਂ ਵਿਦਿਆਰਥੀਆਂ ਦੀ ਗਿਣਤੀ ਵਿਚ ਵੱਡੀ ਗਿਰਾਵਟ ਦੇਖੀ ਗਈ ਸੀ। ਇਕ ਰਿਪੋਰਟ ਮੁਤਾਬਕ, ਪਿਛਲੇ ਸਾਲ ਬ੍ਰਿਟੇਨ ਦੀਆਂ ਯੂਨੀਵਰਸਿਟੀਆਂ ਵਿਚ ਤਕਰੀਬਨ 55,000 ਭਾਰਤੀ ਵਿਦਿਆਰਥੀਆਂ ਨੇ ਦਾਖਲੇ ਲਏ ਸਨ।