Punjab News

ਅਕਾਲੀ ਦਲ ’ਚ ਘਮਸਾਣ ਤੇਜ਼, ਵਿਰੋਧੀ ਧੜੇ ਦੀ ਮੀਟਿੰਗ ਤੋਂ ਬਾਅਦ ਸੁਖਬੀਰ ਬਾਦਲ ਨੇ ਚੁੱਕਿਆ ਵੱਡਾ ਕਦਮ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਬਾਦਲ ਵਿਚ ਘਮਸਾਣ ਤੇਜ਼ ਹੋ ਗਿਆ ਹੈ। ਭਾਵੇਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਝੂੰਦਾਂ ਕਮੇਟੀ ਦੀ ਰਿਪੋਰਟ ਨੂੰ ਲਾਗੂ ਕਰਨ ਦੀ ਗੱਲ ਆਖੀ ਹੈ ਪਰ ਇਸ ਦੇ ਬਾਵਜੂਦ ਵਿਰੋਧੀ ਧੜਾ ਪਾਰਟੀ ਦੀ ਲੀਡਰਸ਼ਿਪ ਵਿਚ ਬਦਲਾਅ ਨੂੰ ਲੈ ਕੇ ਲਗਾਤਾਰ ਸਰਗਰਮੀਆਂ ਤੇਜ਼ ਕਰ ਰਿਹਾ ਹੈ। ਇਸ ਸਭ ਦੇ ਦਰਮਿਆਨ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੱਡਾ ਕਦਮ ਚੁੱਕਦਿਆਂ ਪੰਜ ਮੈਂਬਰੀ ਅਨੁਸ਼ਾਸਨੀ ਕਮੇਟੀ ਦਾ ਗਠਨ ਕੀਤਾ ਹੈ ਅਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੂੰ ਇਸ ਕਮੇਟੀ ਦਾ ਚੇਅਰਮੈਨ ਲਗਾਇਆ ਹੈ। ਮਲੂਕਾ ਤੋਂ ਇਲਾਵਾ ਇਸ ਕਮੇਟੀ ਵਿਚ ਸ਼ਰਨਜੀਤ ਸਿੰਘ ਢਿੱਲੋਂ, ਵਿਰਸਾ ਸਿੰਘ ਵਲਟੋਹਾ, ਮਨਤਾਰ ਸਿੰਘ ਬਰਾੜ ਅਤੇ ਡਾ. ਸੁਖਵਿੰਦਰ ਸੁੱਖੀ ਨੂੰ ਸ਼ਾਮਲ ਕੀਤਾ ਗਿਆ ਹੈ। 

ਇਸ ਤੋਂ ਇਲਾਵਾ ਅਕਾਲੀ ਦਲ ਲੀਡਰਸ਼ਿਪ ਨੇ ਸਾਫ ਆਖਿਆ ਹੈ ਕਿ ਪਾਰਟੀ ਦੀ ਮਜ਼ਬੂਤੀ ਲਈ ਹਰ ਸੁਝਾਅ ਨੂੰ ਸਿਰਫ ਪਾਰਟੀ ਪਲੇਟਫਾਰਮ ’ਤੇ ਹੀ ਰੱਖਿਆ ਜਾਵੇ, ਜਿਸ ਦਾ ਸਵਾਗਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਅਨੁਸ਼ਾਸਨਹੀਣਤਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਅਜਿਹੀ ਕੋਈ ਵੀ ਕਾਰਗੁਜ਼ਾਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ, ਜਿਹੜੀ ਪਾਰਟੀ, ਪੰਥ ਅਤੇ ਪੰਜਾਬ ਲਈ ਨੁਕਸਾਨਦੇਹ ਹੋਵੇ। 

ਬਾਗੀ ਬੋਲੇ-ਪਾਰਟੀ ਦੀ ਮਜ਼ਬੂਤੀ ਚਾਹੁੰਦੇ ਹਾਂ

ਅਕਾਲੀ ਦਲ ਦੇ ਬਾਗੀ ਧੜੇ ਵਿਚ ਸਭ ਤੋਂ ਮੋਹਰੀ ਭੂਮਿਕਾ ਨਿਭਾਅ ਰਹੇ ਮਨਪ੍ਰੀਤ ਇਆਲੀ ਤੋਂ ਇਲਾਵਾ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਜਗਮੀਤ ਸਿੰਘ ਬਰਾੜ ਵਲੋਂ ਦੂਜੇ ਆਗੂਆਂ ਨਾਲ ਲਗਾਤਾਰ ਮੁਲਾਕਾਤਾਂ ਕੀਤੀਆਂ ਜਾ ਰਹੀਆਂ ਹਨ। ਸੀਨੀਅਰ ਆਗੂ ਨਿਰਮਲ ਸਿੰਘ ਕਾਹਲੋਂ ਦੇ ਘਰ ਪਹੁੰਚੇ ਇਆਲੀ ਨੇ ਕਿਹਾ ਕਿ ਸਾਡਾ ਏਜੰਡਾ ਪਾਰਟੀ ਨੂੰ ਮਜ਼ਬੂਤ ਕਰਨਾ ਹੈ, ਜਿਸ ਲਈ ਯਤਨ ਕੀਤੇ ਜਾ ਰਹੇ ਹਨ ਅਤੇ ਜਲਦੀ ਹੀ ਉਨ੍ਹਾਂ ਦਾ ਇਕ ਵਫਦ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ ਕਰੇਗਾ ਅਤੇ ਉਨ੍ਹਾਂ ਨੂੰ ਵਰਕਰਾਂ ਦੀ ਰਾਏ ਬਾਰੇ ਜਾਣੂ ਕਰਵਾਇਆ ਜਾਵੇਗਾ।