India News

ਅਫਗਾਨਿਸਤਾਨ ‘ਤੇ ਤਾਲਿਬਾਨ ਦੇ ਕਬਜ਼ੇ ਦਾ ਜਾਣੋ ਭਾਰਤ ‘ਤੇ ਕੀ ਪਵੇਗਾ ਅਸਰ

ਨਵੀਂ ਦਿੱਲੀ- ਭਾਰਤ ਸਰਕਾਰ ਅਨੁਸਾਰ ਅਫਗਾਨਿਸਤਾਨ ਦੇ ਸਾਰੇ 34 ਸੂਬਿਆਂ ਵਿਚ ਭਾਰਤ ਦੇ 400 ਤੋਂ ਵੱਧ ਪ੍ਰਾਜੈਕਟ ਚੱਲ ਰਹੇ ਹਨ, ਜਿਨ੍ਹਾਂ ਵਿਚ ਸਕੂਲ, ਹਸਪਤਾਲ, ਸਿਹਤ ਕੇਂਦਰ, ਬੱਚਿਆਂ ਦੇ ਹੋਸਟਲ ਤੇ ਪੁਲ ਸ਼ਾਮਲ ਹਨ। ਇੱਥੋਂ ਤਕ ਕਿ ਭਾਰਤ ਨੇ ਅਫਗਾਨਿਸਤਾਨ ਵਿਚ ਗਣਤੰਤਰ ਦੀ ਨਿਸ਼ਾਨੀ ਦੇ ਤੌਰ ’ਤੇ ਖੜ੍ਹਾ ਸੰਸਦ ਭਵਨ, ਸਲਮਾ ਬੰਨ੍ਹ ਤੇ ਜ਼ਰਾਂਜ-ਦੇਲਾਰਾਮ ਹਾਈਵੇ ਵਿਚ ਵੀ ਭਾਰੀ ਨਿਵੇਸ਼ ਕੀਤਾ ਹੈ।

ਇਨ੍ਹਾਂ ਤੋਂ ਇਲਾਵਾ ਭਾਰਤ ਕਰੋੜਾਂ ਰੁਪਏ ਨਿਵੇਸ਼ ਕਰ ਕੇ ਈਰਾਨ ਦੀ ਚਾਬਹਾਰ ਬੰਦਰਗਾਹ ਦੇ ਵਿਕਾਸ ਦਾ ਕੰਮ ਕਰ ਰਿਹਾ ਹੈ, ਜਿਸ ਨੂੰ ਜੋੜਨ ਵਾਲੀ ਸੜਕ ਅਫਗਾਨਿਸਤਾਨ ਤੋਂ ਹੋ ਕੇ ਜਾਂਦੀ ਹੈ। ਅਫਗਾਨਿਸਤਾਨ ਦੇ ਸੰਸਦ ਭਵਨ ਦਾ ਨਿਰਮਾਣ ਭਾਰਤ ਨੇ ਕੀਤਾ ਹੈ। ਭਾਰਤ ਵਲੋਂ ਇਹ ਨਿਵੇਸ਼ ਸਿਰਫ਼ ਆਰਥਿਕ ਨਹੀਂ, ਸਗੋਂ ਅਫਗਾਨ ਸਰਕਾਰ ਨਾਲ ਚੰਗੇ ਸਿਆਸੀ ਰਿਸ਼ਤੇ ਬਣੇ ਰਹਿਣ, ਇਸ ਲਿਹਾਜ਼ ਨਾਲ ਵੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਭਾਰਤ ਦੀ ਚਿੰਤਾ ਇਹ ਵੀ ਹੈ ਕਿ ਉੱਥੋਂ ਦੀ ਸਰਕਾਰ ਆਪਣੀ ਧਰਤੀ ਦੀ ਵਰਤੋਂ ਭਾਰਤ ਵਿਰੋਧੀ ਸਰਗਰਮੀਆਂ ਲਈ ਨਾ ਕਰਨ ਦੇਵੇ।

ਅਫਗਾਨਿਸਤਾਨ ’ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਹੁਣ ਇਨ੍ਹਾਂ ਪ੍ਰਾਜੈਕਟਾਂ ਦਾ ਭਵਿੱਖ ਕੀ ਹੋਵੇਗਾ, ਇਸ ਨੂੰ ਲੈ ਕੇ ਸਵਾਲ ਪੈਦਾ ਹੋ ਰਹੇ ਹਨ। ਭਾਰਤ ਦਾ ਨੁਕਸਾਨ ਇਸ ਨਾਲੋਂ ਕਿਤੇ ਵੱਧ ਹੈ ਕਿਉਂਕਿ ਤਾਲਿਬਾਨ ਦੇ ਸੱਤਾ ਵਿਚ ਆਉਣ ਨਾਲ ਅਫਗਾਨਿਸਤਾਨ ਵਿਚ ਭਾਰਤ ਦਾ ਪ੍ਰਭਾਵ ਵੀ ਖ਼ਤਮ ਹੋ ਸਕਦਾ ਹੈ।