World

ਅਫਗਾਨ ਫੌਜੀਆਂ ਦੇ ਹਮਲੇ ’ਚ 69 ਤਾਲਿਬਾਨ ਅੱਤਵਾਦੀ ਮਰੇ, ਫੌਜ ਨੇ ਕਾਲਾ-ਏ-ਨੌ ਸ਼ਹਿਰ ’ਤੇ ਕੀਤਾ ਕਬਜ਼ਾ

ਅਫਗਾਨਿਸਤਾਨ ’ਚੋਂ ਅਮਰੀਕੀ ਫੌਜੀਆਂ ਦੀ ਵਾਪਸੀ ਦੇ ਨਾਲ-ਨਾਲ ਤਾਲਿਬਾਨ ਅੱਤਵਾਦੀਆਂ ਨੇ ਦੇਸ਼ ਵਿਚ ਕਈ ਥਾਵਾਂ ਨੂੰ ਆਪਣੇ ਕੰਟਰੋਲ ਵਿਚ ਲੈਣਾ ਸ਼ੁਰੂ ਕਰ ਦਿੱਤਾ ਹੈ। ਇਸੇ ਦਰਮਿਆਨ ਅਫਗਾਨਿਸਤਾਨ ਦੇ ਬਡਗੀਸ ਸੂਬੇ ਦੇ ਕਾਲਾ-ਏ-ਨੌ ਸ਼ਹਿਰ ਤੋਂ ਅੱਤਵਾਦੀਆਂ ਨੂੰ ਖਦੇੜਨ ਦੌਰਾਨ ਘੱਟ ਤੋਂ ਘੱਟ 69 ਤਾਲਿਬਾਨ ਅੱਤਵਾਦੀ ਮਾਰੇ ਗਏ ਤੇ 23 ਜ਼ਖ਼ਮੀ ਹੋ ਗਏ। ਸਰਕਾਰ ਵੱਲੋਂ ਜਾਰੀ ਇਕ ਬਿਆਨ ’ਚ ਕਿਹਾ ਗਿਆ ਕਿ ਅਫਗਾਨ ਹਵਾਈ ਫੌਜ ਵੱਲੋਂ ਸਮਰਥਿਤ ਰਾਸ਼ਟਰੀ ਸੈਨਾ ਕਮਾਂਡੋ ਸਮੇਤ ਅਫਗਾਨ ਰਾਸ਼ਟਰੀ ਰੱਖਿਆ ਤੇ ਸੁਰੱਖਿਆ ਬਲਾਂ ਨੇ ਬੁੱਧਵਾਰ ਨੂੰ ਕਾਲਾ-ਏ-ਨੌ ’ਚ ਕਈ ਥਾਵਾਂ ’ਤੇ ਅੱਤਵਾਦੀਆਂ ਦੇ ਸਮੂਹਾਂ ਨੂੰ ਨਿਸ਼ਾਨਾ ਬਣਾਇਆ।

 

ਅਫਗਾਨ ਸੁਰੱਖਿਆ ਬਲਾਂ ਵੱਲੋਂ ਜਵਾਬੀ ਕਾਰਵਾਈ ਸ਼ੁਰੂ ਕਰਨ ਤੋਂ ਪਹਿਲਾਂ ਭਾਰੀ ਹਥਿਆਰਾਂ ਨਾਲ ਲੈਸ ਤਾਲਿਬਾਨੀ ਅੱਤਵਾਦੀਆਂ ਨੇ ਬੁੱਧਵਾਰ ਸ਼ਹਿਰ ’ਤੇ ਹੱਲਾ ਬੋਲ ਦਿੱਤਾ ਤੇ ਸ਼ਹਿਰ ਨੂੰ ਕਬਜ਼ੇ ’ਚ ਲੈ ਲਿਆ। ਬਿਆਨ ’ਚ ਕਿਹਾ ਗਿਆ ਹੈ ਕਿ ਏ. ਐੱਨ. ਡੀ. ਐੱਸ. ਐੱਫ਼. ਨੇ ਕੁਝ ਅੱਤਵਾਦੀਆਂ ਦੇ ਹਥਿਆਰ ਤੇ ਗੋਲਾ-ਬਾਰੂਦ ਵੀ ਆਪਣੇ ਕਬਜ਼ੇ ’ਚ ਲਿਆ ਹੈ। ਬੁੱਧਵਾਰ ਰਾਤ ਨੂੰ ਅਫਗਾਨ ਨੈਸ਼ਨਲ ਆਰਮੀ ਕਮਾਂਡੋ ਕਾਲਾ-ਏ-ਨੌ ਪਹੁੰਚੇ। ਸੁਰੱਖਿਆ ਬਲਾਂ ਦੀ ਜਵਾਬੀ ਕਾਰਵਾਈ ਹੁਣ ਵੱਡੀ ਪੱਧਰ ’ਤੇ ਹੋ ਰਹੀ ਹੈ ਤੇ ਸ਼ਹਿਰ ’ਚ ਹਾਲਾਤ ਠੀਕ ਹੋ ਰਹੇ ਹਨ। ਅਫਗਾਨਿਸਤਾਨ ਦੀ ਫੌਜ ਨੇ ਪੱਛਮੀ ਬਦਗੀਸ ਸੂਬੇ ਦੇ ਕਾਲਾ-ਏ-ਨੌ ਸ਼ਹਿਰ ’ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਕੁਝ ਹੀ ਘੰਟਿਆਂ ’ਚ ਆਪਣਾ ਕਬਜ਼ਾ ਕਰ ਲਿਆ। ਬੁੱਧਵਾਰ ਨੂੰ ਦੇਸ਼ ਦੇ ਰੱਖਿਆ ਮੰਤਰਾਲਾ ਨੇ ਇਹ ਜਾਣਕਾਰੀ ਦਿੱਤੀ। ਸਮੁੂਹ ਵੱਲੋਂ ਗੁਆਂਢੀ ਜ਼ਿਲ੍ਹਿਆਂ ’ਤੇ ਕਬਜ਼ਾ ਕਰਨ ਤੋਂ ਬਾਅਦ ਤਾਲਿਬਾਨ ਨੇ ਬਗਦੀਸ਼ ਸੂਬੇ ਦੇ ਕੇਂਦਰੀ ਸ਼ਹਿਰ ’ਤੇ ਕੰਟਰੋਲ ਹਾਸਲ ਕਰ ਲਿਆ ਸੀ।